ਮੋਦੀ ਸਰਕਾਰ ਨੇ ਬਣਾਇਆ 100 ਘੰਟੇ ਵਿੱਚ 100 ਕਿਲੋਮੀਟਰ ਦਾ ਹਾਈਵੇ ਬਣਾਉਣ ਦਾ ਰਿਕਾਰਡ – ਡਾ ਸੁਭਾਸ਼ ਸ਼ਰਮਾ
ਮੋਹਾਲੀ, 28 ਮਈ ,ਬੋਲੇ ਪੰਜਾਬ ਬਿਓਰੋ:- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਅੱਜ ਮੋਹਾਲੀ ਬਾਰ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਰਿਕਾਰਡ ਬਣਾਉਣ ਲਈ ਕੰਮ ਨਹੀਂ ਕਰਦੇ ਬਲਕਿ ਬਹੁ ਪੱਖੀ ਸੋਚ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ 100 ਘੰਟੇ ਵਿੱਚ 100 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਦਾ ਆਜ਼ਾਦੀ ਤੋਂ ਲੈਕੇ ਭਾਰਤ ਦੇ ਵਿਕਾਸ ਵਡਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ਦੀ ਸ਼ੁਰੂਆਤ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦੀ ਅਗੁਵਾਈ ਵਿੱਚ ਸ਼ੁਰੂ ਕੀਤੀ ਅਤੇ ਉਹ ਦੇਸ਼ ਦੇ ਮੰਨੇ ਪਰਮੰਨੇ ਵਕੀਲਾਂ ਵਿਚੋਂ ਇੱਕ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹਰ ਫਰੰਟ ਤੋਂ ਫੇਲ੍ਹ ਸਾਬਿਤ ਹੋਈ ਹੈ। ਸੂਬੇ ਦਾ ਅਰਥਚਾਰਾ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ , ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਹਾਲ ਹੋ ਚੁੱਕੀ ਹੈ।
ਸ੍ਰੀ ਸ਼ਰਮਾ ਨੇ ਕਿਹਾ ਗੈਂਗਸਟਰ ਜੇਲ੍ਹਾਂ ਵਿੱਚ ਬੈਠ ਕੇ ਹੀ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਪਰ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਦਮਗਜ਼ੇ ਮਾਰਨ ਵਾਲੇ ਜਵਾਬ ਦੇਣ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਨਿਵੇਸ਼ 80 ਫ਼ੀਸਦੀ ਕਿਉਂ ਘਟਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਅੰਕੜੇ ਹੀ ਆਪਸ ਵਿੱਚ ਮੇਲ ਨਹੀਂ ਖਾਂਦੇ ਜਿਸ ਤੋਂ ਸਪੱਸ਼ਟ ਹੈ ਕਿ ਇਹ ਦਾਅਵੇ ਝੂਠੇ ਹਨ।