ਬਠਿੰਡਾ, 27 ਮਈ ,ਬੋਲੇ ਪੰਜਾਬ ਬਿਓਰੋ: ਜਮਹੂਰੀ ਅਧਿਕਾਰ ਸਭਾ ਵੱਲੋਂ ਲੋਕ ਸਭਾ ਚੋਣਾਂ ’ਚ ਵੋਟਾਂ ਮੰਗ ਰਹੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਤਿਆਰ ਕੀਤਾ ਸਵਾਲਨਾਮਾ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਕਾਰਜਕਾਰਨੀ ਇਕਾਈ ਬਠਿੰਡਾ ਦੀ ਇੱਕ ਭਰਵੀਂ ਮੀਟਿੰਗ ਵਿੱਚ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਇਸਨੂੰ ਲੋਕਾਂ ਵਿੱਚ ਲੈ ਕੇ ਜਾਣ ਅਤੇ ਸਵਾਲ ਖੜੇ ਕਰਨ ਦਾ ਫੈਸਲਾ ਕੀਤਾ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਲੋਕ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਅਤੇ ਫਿਰਕੂ ਫਾਸ਼ਵਾਦੀ ਕਦਮਾਂ ਨਾਲ ਮਨੁੱਖੀ ਅਤੇ ਜਮਹੂਰੀ ਹੱਕਾਂ ਤੇ ਕੀਤੇ ਜਾ ਰਹੇ ਹਮਲਿਆਂ ਨਾਲ ਹੋਏ ਭਾਰੀ ਨੁਕਸਾਨ ਦਾ ਜਵਾਬ ਮੰਗਣਾ ਲੋਕਾਂ ਦਾ ਜਮਹੂਰੀ ਤੇ ਸੰਵਿਧਾਨਿਕ ਹੱਕ ਹੈ। ਸਭਾ ਵੱਲੋਂ ਜੋ ਸਵਾਲਨਾਮਾ ਜਾਰੀ ਕੀਤਾ ਗਿਆ ਹੈ ਉਹ ਕਿਸੇ ਇੱਕਲੀ ਇਕਹਿਰੀ ਪਾਰਟੀ ਦੇ ਵਾਸਤੇ ਨਹੀਂ ਹੈ ਬਲਕਿ ਇਹ ਸਾਰੀਆਂ ਉਨ੍ਹਾਂ ਪਾਰਟੀਆਂ ਲਈ ਹੈ ਜੋ ਚੋਣਾਂ ਲੜ ਰਹੀਆਂ ਹਨ ਤੇ ਲੋਕਾਂ ਤੋਂ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਮੰਗ ਕਰ ਰਹੀਆਂ ਹਨ।
ਸਭਾ ਨੇ ਲੋਕਾਂ ਦੇ ਬੁਨਿਆਦੀ ਮਸਲਿਆਂ ਨਾਲ ਸਰੋਕਾਰ ਰੱਖਣ ਵਾਲੇ ਬੁੱਧੀਜੀਵੀਆਂ, ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਭਾ ਦੇ ਸਵਾਲਨਾਮੇ ਨੂੰ ਸਾਹਮਣੇ ਰੱਖਦੇ ਹੋਏ ਪਾਰਲੀਮੈਂਟਰੀ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਦੀ ਕਾਰਗੁਜ਼ਾਰੀ ਸਬੰਧੀ ਕੀਤੇ ਵਾਅਦਿਆਂ ਬਾਰੇ ਵੋਟਾਂ ਲਈ ਆ ਰਹੇ ਉਮੀਦਵਾਰਾਂ ਤੋਂ ਜਵਾਬਦੇਹੀ ਮੰਗਣ ਅਤੇ ਇਨ੍ਹਾਂ ਦੇ ਅਸਲੀ ਖਾਸੇ ਬਾਰੇ ਆਪਣੀ ਸਮਝ ਨੂੰ ਹੋਰ ਪੱਕਾ ਕਰਦੇ ਹੋਏ ਆਪਣੇ ਬੁਨਿਆਦੀ ਮਸਲਿਆਂ ਦਾ ਹੱਲ ਤਲਾਸ਼ਣ ਦੇ ਰਾਹ ਬਾਰੇ ਜਾਗਰੂਕ ਹੋਣ।