ਫਾਈਨਲ ‘ਚ ਹੈਦਰਾਬਾਦ ਨੂੰ ਬੁਰੀ ਤਰ੍ਹਾਂ ਹਰਾ ਕੇ ਤੀਜੀ ਵਾਰ ਚੈਂਪੀਅਨ ਬਣਿਆ
ਚੰਡੀਗੜ੍ਹ, 27 ਮਈ ,ਬੋਲੇ ਪੰਜਾਬ ਬਿਓਰੋ: ਚੇਨਈ ਦੇ ਐਮ.ਏ.ਚਿਦੰਬਰਮ ਸਟੇਡੀਅਮ ਵਿੱਚ IPL 2024 ਦਾ ਫਾਈਨਲ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ ਕੇਕੇਆਰ ਨੂੰ ਜਿੱਤ ਲਈ 114 ਦੌੜਾਂ ਦਾ ਟੀਚਾ ਦਿੱਤਾ ਹੈ। ਜਿਸ ਦਾ ਕੇਕੇਆਰ ਟੀਮ ਨੇ ਬੜੀ ਆਸਾਨੀ ਨਾਲ ਪੂਰਾ ਕੀਤਾ। ਕੇਕੇਆਰ ਲਈ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੇਕੇਆਰ ਲਈ ਵੈਂਕਟੇਸ਼ ਅਈਅਰ ਨੇ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਹਿਮਾਨਉੱਲ੍ਹਾ ਗੁਰਬਾਜ਼ ਨੇ 39 ਦੌੜਾਂ ਬਣਾਈਆਂ।
ਕੇਕੇਆਰ ਨੇ ਕੁੱਲ ਮਿਲਾ ਕੇ ਤੀਜੀ ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਇਸ ਤੋਂ ਪਹਿਲਾਂ, ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਵਿੱਚ ਦੋ ਵਾਰ ਆਈਪੀਐਲ ਟਰਾਫੀ ਜਿੱਤੀ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ ਆਈਪੀਐਲ 2016 ਦਾ ਖਿਤਾਬ ਜਿੱਤਿਆ ਸੀ
ਕੋਲਕਾਤਾ ਨਾਈਟ ਰਾਈਡਰਜ਼ ਇਸ ਤੋਂ ਪਹਿਲਾਂ ਸਾਲ 2012 ਅਤੇ 2014 ਵਿੱਚ ਆਈਪੀਐਲ ਚੈਂਪੀਅਨ ਬਣੀ ਸੀ। ਕੇਕੇਆਰ ਨੇ 2012 ਵਿੱਚ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਅਤੇ 2014 ਵਿੱਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਆਈਪੀਐਲ ਖ਼ਿਤਾਬ ਜਿੱਤਿਆ ਸੀ। 2014 ਤੋਂ ਬਾਅਦ, ਕੇਕੇਆਰ 2021 ਵਿੱਚ ਫਾਈਨਲ ਵਿੱਚ ਪਹੁੰਚੀ, ਪਰ ਖਿਤਾਬੀ ਮੁਕਾਬਲੇ ਵਿੱਚ ਸੀਐਸਕੇ ਤੋਂ 27 ਦੌੜਾਂ ਨਾਲ ਹਾਰ ਗਈ। ਹੁਣ ਆਖਰਕਾਰ 2014 ਦੇ 10 ਸਾਲਾਂ ਬਾਅਦ, ਇਹ ਤੀਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਟਰਾਫੀ ਨੂੰ ਚੁੱਕਣ ਵਿੱਚ ਸਫਲ ਰਿਹਾ ਹੈ। ਇਸ ਨਾਲ ਕੋਲਕਾਤਾ ਨੇ ਆਈਪੀਐਲ ਦੇ ਇਤਿਹਾਸ ਵਿੱਚ ਤੀਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਗੇਂਦਬਾਜ਼ਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਦੀ ਨੀਂਹ ਰੱਖੀ ਸੀ। ਪਹਿਲਾਂ ਮਿਸ਼ੇਲ ਸਟਾਰਕ ਨੇ ਅਭਿਸ਼ੇਕ ਸ਼ਰਮਾ ਨੂੰ ਕਲੀਨ ਬੋਲਡ ਕੀਤਾ ਅਤੇ ਉਸ ਤੋਂ ਬਾਅਦ SRH ਦੀ ਬੱਲੇਬਾਜ਼ੀ ਦਬਾਅ ‘ਚ ਡਿੱਗ ਗਈ। ਸਟਾਰਕ ਨੇ 2 ਵਿਕਟਾਂ ਲਈਆਂ, ਜਦਕਿ ਆਂਦਰੇ ਰਸਲ ਨੇ ਵੀ ਵਗਦੀ ਗੰਗਾ ‘ਚ ਹੱਥ ਧੋ ਕੇ 3 ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ ਵੀ 2 ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਸੁਨੀਲ ਨਰਾਇਣ ਦਾ ਬੱਲਾ ਚੰਗਾ ਨਹੀਂ ਚੱਲ ਸਕਿਆ, ਉੱਥੇ ਫਿਲ ਸਾਲਟ ਦੀ ਥਾਂ ਆਏ ਰਹਿਮਾਨਉੱਲ੍ਹਾ ਗੁਰਬਾਜ਼ ਨੇ 39 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਕੇਕੇਆਰ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਵੈਂਕਟੇਸ਼ ਅਈਅਰ ਨੇ ਬੱਲੇਬਾਜ਼ੀ ਕਰਦਿਆਂ ਅਜੇਤੂ 52 ਦੌੜਾਂ ਬਣਾਈਆਂ