ਬਰਨਾਲਾ, 27 ਮਈ ,ਬੋਲੇ ਪੰਜਾਬ ਬਿਓਰੋ : ਬਰਨਾਲਾ ਦੇ ਪਿੰਡ ਕਾਲੇਕੇ ‘ਚ ਚੱਲੀਆਂ ਗੋਲੀਆਂ ਵਿਚ ਇਕ ਦੀ ਮੌਤ ਹੋ ਗਈ ਜਦੋਂ ਕਿ ਹੋਰਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪਿੰਡ ਵਿੱਚ ਦਿਨ ਦਿਹਾੜੇ ਵਾਪਰੀ ਘਟਨਾ ਨਾਲ ਸੋਗ ਦੀ ਲਹਿਰ ਹੈ। ਅਸਲ ਵਿਚ ਇਸੇ ਪਿੰਡ ਦੇ ਨੌਜਵਾਨਾਂ ਨੇ ਮ੍ਰਿਤਕ ਅਤੇ ਜ਼ਖਮੀ ਨੌਜਵਾਨਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਪਿੰਡ ਦੇ ਨੈਸ਼ਨਲ ਬੈਂਕ ਨੇੜੇ 15-20 ਨੌਜਵਾਨਾਂ ਨੇ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬਾਅਦ ਵਿੱਚ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਮ੍ਰਿਤਕ ਦੇ ਸਿਰ ਅਤੇ ਲੱਤ ਵਿੱਚ ਲੱਗੀ ਅਤੇ ਇੱਕ ਗੋਲੀ ਜ਼ਖ਼ਮੀ ਵਿਅਕਤੀ ਦੀ ਬਾਂਹ ਵਿੱਚ ਲੱਗੀ।ਜ਼ਖਮੀਆਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਨੌਜਵਾਨ ਰੁਪਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ, ਜਦਕਿ ਜ਼ਖਮੀ ਵੀ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖਲ ਹਨ। ਜ਼ਖਮੀ ਜਸਪਾਲ ਸਿੰਘ ਅਨੁਸਾਰ ਹਮਲਾਵਰਾਂ ਦੀ ਮ੍ਰਿਤਕ ਰੁਪਿੰਦਰ ਨਾਲ ਪੁਰਾਣੀ ਦੁਸ਼ਮਣੀ ਸੀ ਅਤੇ 10 ਦਿਨ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ ਸੀ। ਘਟਨਾ ਤੋਂ ਬਾਅਦ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਰੁਪਿੰਦਰ ਸ਼ਰਮਾ ਪਿੰਡ ਦੇ ਪੰਜਾਬ ਨੈਸ਼ਨਲ ਬੈਂਕ ਕੋਲ ਖੜ੍ਹੇ ਸਨ। ਜਿੱਥੇ ਪਿੰਡ ਦੇ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਉਂਦੇ ਹੀ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਹਿਲੀ ਗੋਲੀ ਸਿੱਧੀ ਉਨ੍ਹਾਂ ‘ਤੇ ਲੱਗੀ। ਉਸ ਦੇ ਭਰਾ ਦੇ ਸਿਰ ਵਿੱਚ ਵੀ ਗੋਲੀ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਹਮਲਾਵਰਾਂ ਦੀ ਮ੍ਰਿਤਕ ਰੁਪਿੰਦਰ ਨਾਲ ਰੰਜਿਸ਼ ਸੀ ਅਤੇ ਕੁਝ ਦਿਨ ਪਹਿਲਾਂ ਧਨੌਲਾ ਵਿਖੇ ਉਸ ਦੀ ਕੁੱਟਮਾਰ ਕੀਤੀ ਸੀ। ਇਸ ਸਬੰਧੀ ਪਿੰਡ ਦੇ ਐਂਬੂਲੈਂਸ ਚਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨਾਂ ਦੀ ਆਪਸੀ ਦੁਸ਼ਮਣੀ ਸੀ, ਜਿਸ ਕਾਰਨ ਪਿੰਡ ‘ਚ ਗੋਲੀਬਾਰੀ ਹੋਈ। ਇਸ ਲੜਾਈ ਤੋਂ ਬਾਅਦ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫ਼ੋਨ ‘ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਦੋਵੇਂ ਨੌਜਵਾਨਾਂ ਨੂੰ ਐਂਬੂਲੈਂਸ ਵਿੱਚ ਸਰਕਾਰੀ ਹਸਪਤਾਲ ਧਨੌਲਾ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।