ਮਾਨਸਾ 27 ਮਈ,ਬੋਲੇ ਪੰਜਾਬ ਬਿਓਰੋ: ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਖੁਰਦ ਦਾ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਜਾਨ ਗੁਆ ਬੈਠਾ । ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾ ਦਲੇਲ ਸਿੰਘ ਵਜੋਂ ਹੋਈ ਹੈ। ਦਲੇਲ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਰੀਬ 200 ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਅਤੇ ਪੂਰਾ ਪਿੰਡ ਨਸ਼ੇ ਤੋਂ ਪ੍ਰੇਸ਼ਾਨ ਹੈ।ਪਿੰਡ ਵਾਸੀਆਂ ਨੇ ਨਸ਼ਾ ਰੋਕਣ ਦੀ ਮੰਗ ਕੀਤੀ ਹੈ। ਹਰ ਸਰਕਾਰ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਉਹ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ ਕਾਫੀ ਸਮੇਂ ਤੋਂ ਚਿੱਟੇ ਦੀ ਦਲਦਲ ‘ਚ ਫਸਿਆ ਹੋਇਆ ਸੀ ਅਤੇ ਕਰੀਬ 8 ਲੱਖ ਰੁਪਏ ਨਸ਼ੇ ‘ਤੇ ਬਰਬਾਦ ਕਰ ਚੁੱਕਾ ਸੀ ਅਤੇ ਅੱਜ ਉਸ ਦੀ ਜਾਨ ਚਲੀ ਗਈ।ਉਨ੍ਹਾਂ ਕਿਹਾ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਲਗਾਤਾਰ ਵੱਧ ਰਿਹਾ ਹੈ ਪਰ ਪ੍ਰਸ਼ਾਸਨ ਜਾਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪਰਿਵਾਰ ਅੱਜ ਇਸ ਦਾ ਨਤੀਜਾ ਭੁਗਤ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਪੁੱਤਰ ਚਿੱਟਾ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗੁਆ ਚੁੱਕਾ ਹੈ।