ਅਧਿਆਪਕਾਂ ਅਤੇ ਮਿਡ ਡੇ ਮੀਲ ਵਰਕਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਗਿਆ ਪ੍ਰਦਰਸ਼ਨ
27 ਮਈ, ਪਟਿਆਲਾ ,ਬੋਲੇ ਪੰਜਾਬ ਬਿਓਰੋ: ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅੱਜ ਨਹਿਰੂ ਪਾਰਕ ਪਟਿਆਲਾ ਵਿਖੇ ਮੁਲਾਜ਼ਮਾਂ ਦਾ ਇਕੱਠ ਕਰਕੇ ਦੇਸ਼ ਵਿੱਚ ਉੱਭਰੀ ਰਾਜਨੀਤਿਕ ਸਥਿਤੀ ਦੇ ਚੌਖਟੇ ਵਿੱਚ ਮੌਜੂਦਾ ਲੋਕ ਸਭਾ ਚੋਣਾਂ, ਮਾਣਭੱਤਾ ਮੁਲਾਜ਼ਮਾਂ ਤੇ ਘੱਟੋ ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਦੀ ਮੰਗ, ਪੰਜਾਬ ਵਿੱਚ ਲਾਗੂ ਕੀਤੇ ਗਏ ਨਵੇਂ ਪੇ ਸਕੇਲਾਂ ਖਿਲਾਫ ਅਤੇ ਹੋਰ ਮੁਲਾਜ਼ਮ ਮੰਗਾਂ ਪ੍ਰਤੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਪਹੁੰਚ ਅਤੇ ‘ਚੋਣ ਗਰੰਟੀਆਂ’ ਤੇ ਚਰਚਾ ਕਰਨ ਉਪਰੰਤ ਮਾਰਚ ਕਰਕੇ ਸਥਾਨਕ ਬੱਸ ਸਟੈਂਡ ਵਿਖੇ ਮੋਦੀ ਦਾ ਪੁਤਲਾ ਫੂਕਿਆ ਗਿਆ।
ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਫਾਸ਼ੀ ਤਾਨਾਸ਼ਾਹੀ ਵੱਲ ਧੱਕਣ, ਮੁਲਾਜ਼ਮਾਂ ਦੀਆਂ ਮੰਗਾਂ ਨੂੰ ਰੋਲਣ ਵਾਲੀ ਭਾਜਪਾ ਨੂੰ ਮੁੱਖ ਚੋਟ ਨਿਸ਼ਾਨੇ ਤੇ ਰੱਖਣ ਅਤੇ ਬਾਕੀ ਪਾਰਟੀਆਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੇ ਤਿੱਖੇ ਸਵਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ, ਜਿਲ੍ਹਾ ਆਗੂ ਗੁਰਜੀਤ ਘੱਗਾ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਭਾਜਪਾ ਨੇ ਅਰਥਚਾਰੇ ਦੇ ਹਰ ਖੇਤਰ ਨੂੰ ਕਾਰਪੋਰੇਟ ਦੀ ਅੰਨੀ ਲੁੱਟ ਤੇ ਬੇਅੰਤ ਮੁਨਾਫ਼ੇ ਲਈ ਖੁੱਲਾ ਛੱਡਿਆ ਹੋਇਆ ਹੈ। ਜਿਸ ਦਾ ਸਿੱਟਾ ਹੈ ਕਿ ਦੇਸ਼ ਦੀ ਸਿਖਰਲੀ ਦਸ ਫੀਸਦੀ ਅਬਾਦੀ ਕੋਲ ਕੁੱਲ ਦੌਲਤ ਦੀ 73 ਪ੍ਰਤੀਸ਼ਤ ਅਤੇ ਬਾਕੀ ਬੱਚੀ ਨੱਬੇ ਫੀਸਦੀ ਅਬਾਦੀ ਕੋਲ਼ 27 ਪ੍ਰਤੀਸ਼ਤ ਧੰਨ ਸੰਪਤੀ ਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਭਾਜਪਾ ਨੇ ਪਿਛਲੇ ਦਸ ਸਾਲਾਂ ਵਿੱਚ ਦੇਸੀ ਵਿਦੇਸ਼ੀ ਕਾਰਪੋਰੇਟ ਦੇ ਦਸ ਲੱਖ ਕਰੋੜ ਤੋਂ ਵੱਧ ਦੇ ਕਰਜ਼ਿਆਂ ਤੇ ਲੀਕ ਮਾਰ ਕੇ ਕਾਰਪੋਰੇਟ ਮੁਨਾਫੇ ਦੀ ਰਾਖੀ ਕੀਤੀ ਹੈ। ਦੂਜੇ ਪਾਸੇ ਇਸ ਲੁੱਟ ਖ਼ਿਲਾਫ਼ ਵੱਖ ਵੱਖ ਤਬਕਿਆਂ ਦੇ ਸੰਘਰਸ਼ਾਂ, ਹਾਸਲ ਜਮਹੂਰੀ ਹੱਕਾਂ ਅਤੇ ਫੈਡਰਲ ਢਾਂਚੇ ਨੂੰ ਕੁਚਲਣ ਲਈ ਰਾਜ ਮਸ਼ੀਨਰੀ ਦੇ ਸਭਨਾਂ ਅੰਗਾਂ ਤੇ ਕਬਜ਼ਾ ਕਰਕੇ ਦੇਸ਼ ਨੂੰ ਫਾਸ਼ੀ ਤਾਨਾਸ਼ਾਹੀ ਵਿੱਚ ਬਦਲਣ ਦਾ ਅਧਾਰ ਤਿਆਰ ਕੀਤਾ ਹੈ।ਭਾਜਪਾ ਨੇ ਆਪਣੇ ਜਾਬਰ ਮਨਸੂਬਿਆਂ ਤੋਂ ਧਿਆਨ ਭਟਕਾਉਣ ਲਈ ਲੋਕਾਂ ਨੂੰ ਫਿਰਕੂ ਅਤੇ ਧਾਰਮਿਕ ਲੀਹਾਂ ਤੇ ਵੰਡਿਆ ਹੈ।
ਆਗੂਆਂ ਨੇ ਦੱਸਿਆ ਕਿ ਜਦੋਂ ਮਿਡ ਡੇ ਮੀਲ ਮੁਲਾਜ਼ਮਾਂ ਨੂੰ ਉਹਨਾਂ ਦੇ ਕੰਮ ਬਦਲੇ ਹਜ਼ਾਰ ਰੁਪਏ ਮਾਣ ਭੱਤਾ ਮਿਲਦਾ ਸੀ ਤਾਂ ਉਸ ਵਿੱਚ 600 ਰੁਪਏ ਭਾਵ 60% ਹਿੱਸਾ ਕੇਂਦਰ ਸਰਕਾਰ ਪਾਉਂਦੀ ਸੀ। ਮਿਡ ਡੇ ਮੀਲ ਮੁਲਾਜ਼ਮ ਆਪਣੇ ਸੰਘਰਸ਼ ਬਦੌਲਤ ਭਾਵੇਂ ਕਿ ਅੱਜ 3000 ਰੁਪਏ ਮਾਣ ਭੱਤਾ ਪ੍ਰਾਪਤ ਕਰ ਰਹੇ ਹਨ ਪ੍ਰੰਤੂ ਕੇਂਦਰ ਵੱਲੋਂ ਆਉਣ ਵਾਲਾ ਹਿੱਸਾ ਹੁਣ ਵੀ 600 ਰੁਪਏ ਹੀ ਹੈ ਜੋ ਕਿ ਘੱਟ ਕੇ 20% ਰਹਿ ਗਿਆ ਹੈ। ਕੇਂਦਰ ਸਰਕਾਰ ਦੇ ਨਾਲ ਨਾਲ ਵੱਖ-ਵੱਖ ਸਮੇਂ ਤੇ ਸੱਤਾ ਵਿੱਚ ਆਉਣ ਵਾਲੀਆਂ ਰਾਜ ਸਰਕਾਰਾਂ ਨੇ ਵੀ ਇਹਨਾਂ ਵਰਕਰਾਂ ਦਾ ਮਾਣ ਭੱਤਾ ਦੁਗਣਾ ਕਰਨ ਦੇ ਵਾਅਦੇ ਕੀਤੇ ਸੀ ਪਰ ਇਹ ਵਾਅਦੇ ਸਿਰਫ ਚੋਣ ਜੁਮਲਾ ਹੀ ਸਾਬਤ ਹੋਏ ਹਨ। ਇਸ ਲਈ ਇਹਨਾਂ ਮੁਲਾਜ਼ਮਾਂ ਵਿੱਚ ਜਿੱਥੇ ਕੇਂਦਰ ਸਰਕਾਰ ਖਿਲਾਫ ਪੂਰਾ ਗੁੱਸਾ ਹੈ ਉੱਥੇ ਪੰਜਾਬ ਸਰਕਾਰ ਖਿਲਾਫ ਵੀ ਪੂਰਾ ਰੋਸ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਨੇ ਕਿਹਾ ਕਿ ਦੇਸ਼ ਦੇ ਲੱਖਾਂ ਕੇਂਦਰੀ ਅਤੇ ਰਾਜਾਂ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲੀ ਨੂੰ “ਦੇਸ਼ ਦੇ ਅਰਥਚਾਰੇ ਲਈ ਖਤਰਾ”, “ਵਿਕਾਸ ਵਿੱਚ ਰੁਕਾਵਟ”ਅਤੇ “ਭਵਿੱਖੀ ਪੀੜ੍ਹੀਆਂ ਲਈ ਬੋਝ” ਦੱਸਣ ਵਾਲੀ ਪਾਰਟੀ ਭਾਜਪਾ ਹੀ ਹੈ। ਭਾਜਪਾ ਨੇ ਸੰਸਦ ਦੇ ਅੰਦਰ ਅਤੇ ਬਾਹਰ ਪੁਰਾਣੀ ਪੈਨਸ਼ਨ ਬਹਾਲੀ ਦਾ ਖੁੱਲ ਕੇ ਵਿਰੋਧ ਕੀਤਾ ਹੈ। ਇਹੀ ਨਹੀਂ ਰਾਜਸਥਾਨ ਵਿੱਚ ਪੁਰਾਣੀ ਪੈਨਸ਼ਨ ਬਹਾਲ ਕੀਤੇ ਜਾਣ ਦੇ ਫੈਸਲੇ ਨੂੰ ਭਾਜਪਾ ਨੇ ਮੁੜ ਸੱਤਾ ਵਿੱਚ ਆਉਣ ਤੇ ਰੱਦ ਕਰ ਦਿੱਤਾ ਹੈ। ਜਿਸ ਤੋਂ ਸਪਸ਼ਟ ਹੈ ਕਿ ਸੂਬਾਈ ਵਿਸ਼ੇ ਵਿੱਚ ਸ਼ਾਮਲ ਪੁਰਾਣੀ ਪੈਨਸ਼ਨ ਬਾਰੇ ਕੀਤੇ ਫੈਸਲੇ ਨੂੰ ਫੈਡਰਲ ਢਾਂਚੇ ਨੂੰ ਟਿੱਚ ਜਾਨਣ ਵਾਲੀ ਭਾਜਪਾ ਕਦੇ ਵੀ ਉਲਟਾ ਸਕਦੀ ਹੈ। ਸੂਬਾ ਸਰਕਾਰਾਂ ਅਤੇ ਮੁਲਾਜ਼ਮਾਂ ਦੀ ਕੇਂਦਰੀ ਅਦਾਰੇ ਪੀਐੱਫਆਰਡੀਏ ਕੋਲ਼ ਪਈ ਲੱਖਾਂ ਕਰੋੜਾਂ ਦੀ ਐੱਨ.ਪੀ.ਐੱਸ ਜਮਾਂ ਰਾਸ਼ੀ ਨੂੰ ਮੋੜਨ ਤੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਪੱਸ਼ਟ ਇਨਕਾਰ ਕਰ ਚੁੱਕੀ ਹੈ। ਪੁਰਾਣੀ ਪੈਨਸ਼ਨ ਖਿਲਾਫ਼ ਵਿੱਢੇ ਨੀਤੀਗਤ ਫੈਸਲੇ ਤਹਿਤ ਨੀਤੀ ਆਯੋਗ, ਆਰਬੀਆਈ,ਪੀਐੱਮ ਆਰਥਿਕ ਸਲਾਹਕਾਰ ਕੌਂਸਲ ਦੇ ਅਰਥਸ਼ਾਸਤਰੀ ਪੁਰਾਣੀ ਪੈਨਸ਼ਨ ਬਹਾਲੀ ਖਿਲਾਫ਼ ਬੋਲਦੇ ਅਤੇ ਲਿਖਦੇ ਰਹੇ ਹਨ। ਫਰੰਟ ਨੇ ਭਾਜਪਾ ਦੇ ਇਸ ਜਮਹੂਰੀਅਤ ਅਤੇ ਮੁਲਾਜ਼ਮ ਵਿਰੋਧੀ ਕਿਰਦਾਰ ਖਿਲਾਫ “ਭਾਜਪਾ ਨੂੰ ਸਜ਼ਾ ਦਿਓ” ਦੇ ਨਾਅਰੇ ਹੇਠ ਸਮੁੱਚੇ ਪੰਜਾਬ ਵਿੱਚ ਭਾਜਪਾ ਦੇ ਪੁਤਲੇ ਫੂਕਣ ਅਤੇ “ਭਾਜਪਾ ਲਈ ਮੇਰੇ ਘਰ ਦੇ ਬੂਹੇ ਬੰਦ ਹਨ” ਦੀ ਮੁਹਿੰਮ ਚਲਾਉਣ, ਭਾਜਪਾ ਤੋਂ ਬਿਨਾਂ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਸਵਾਲਨਾਮਿਆਂ ਰਾਹੀਂ ਘੇਰਨ ਅਤੇ ਆਉਣ ਵਾਲੇ ਸਮੇਂ ਵਿੱਚ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਵਿਸ਼ਾਲ ਸਾਂਝੇ ਘੋਲਾਂ ਲਈ ਤਿਆਰ ਰਹਿਣ ਦੀ ਵੀ ਅਪੀਲ ਕੀਤੀ।
ਜਿਕਰਯੋਗ ਹੈ ਕਿ ਮਾਣਭੱਤਾ ਮੁਲਾਜ਼ਮਾਂ ਨੂੰ ਪੱਕੇ ਕਰਾਉਣ, ਮਾਣਭੱਤਾ ਮੁਲਾਜ਼ਮਾਂ ਉੱਪਰ ਤਨਖਾਹ ਸਕੇਲ ਲਾਗੂ ਕਰਵਾਉਣ, ਸਿਹਤ ਬੀਮਾ ਅਤੇ ਜੀਵਨ ਬੀਮਾ ਲਾਗੂ ਕਰਾਉਣ, ਰੈਗੂਲਰ ਮੁਲਾਜ਼ਮਾਂ ਵਾਂਗ ਛੁੱਟੀਆਂ ਲਾਗੂ ਕਰਵਾਉਣ, ਵਰਦੀਆਂ ਲਾਗੂ ਕਰਾਉਣ, ਵਰਦੀਆਂ ਲਈ ਵੱਖਰਾ ਫੰਡ ਜਾਰੀ ਕਰਾਉਣ ਆਦਿ ਸਮੇਤ ਮਾਣਭੱਤਾ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਮਨਵਾਉਣ ਲਈ ਆਪ ਸਰਕਾਰ ਦੇ ਅਤੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਸਵਾਲ ਕਰਨ ਲਈ ਰਣਨੀਤੀ ਤਿਆਰ ਕੀਤੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ,ਡੀ.ਟੀ.ਐੱਫ਼ ਵਲੋਂ ਭੁਪਿੰਦਰ ਸਿੰਘ , ਕ੍ਰਿਸ਼ਨ ਚੁਹਾਣਕੇ, ਰੋਮੀ ਸਫੀਪੁਰ, ਜਰਨੈਲ ਸਿੰਘ ਹਰਿੰਦਰ ਸਿੰਘ ਜਗਪਾਲ ਚਹਿਲ,ਅਤੇ ਹਰਗੋਪਾਲ ਸਿੰਘ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲ੍ਹਾ ਸਕੱਤਰ ਹਰਿੰਦਰ ਪਟਿਆਲਾ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਤੋਂ ਲਛਮੀ ਪਟਿਆਲਾ , ਰੈਨੂ ਰਾਣੀ , ਮਮਤਾ ਰਾਣੀ , ਕਮਲਾ ਰਾਣੀ , ਮਨਪ੍ਰੀਤ ਕੌਰ , ਰਣਜੀਤ ਪਟਿਆਲਾ , ਕਮਲੇਸ ਰਾਣੀ , ਰਾਧਾ ਰਾਣੀ, ਰਿੰਕੂ , ਪਰਮਜੀਤ ਕੌਰ , ਸੰਕੁਤਲਾ ,ਅਮਨਦੀਪ ਕੌਰ , ਅਨੀਤਾ , ਸੁਖਪਾਲ ਕੌਰ ,ਕੁਲਵਿੰਦਰ ਕੌਰ ਰੈਨੂ ਪਟਿਆਲਾ ਅਤੇ ਰਣਜੀਤ ਕੌਰ ਆਦਿ ਹਾਜ਼ਰ ਸਨ ।