ਦਿੱਲੀ 26 ਮਈ,ਬੋਲੇ ਪੰਜਾਬ ਬਿਓਰੋ: ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਜਾਮ ਲੱਗਾ ਹੋਇਆ ਹੈ। ਇਕੱਠੇ 200 ਪਰਬਤਰੋਹੀਆਂ ਨੇ 8,790 ਮੀਟਰ ਦੀ ਉਚਾਈ ‘ਤੇ ਸਾਊਥ ਸਮਿਟ ਅਤੇ ਹਿਲੇਰੀ ਸਟੈਪ ਤੱਕ ਪਹੁੰਚ ਕੀਤੀ। 8,848 ਮੀਟਰ ਉੱਚਾ ਮਾਊਂਟ ਐਵਰੈਸਟ ਇੱਥੋਂ 200 ਫੁੱਟ ਦੂਰ ਹੈ। ਭੀੜ ਇਕੱਠੀ ਹੋਣ ਕਾਰਨ ਇੱਥੇ ਬਰਫ਼ ਦਾ ਇੱਕ ਹਿੱਸਾ ਟੁੱਟ ਗਿਆ।
ਇਸ ਦੌਰਾਨ 6 ਪਰਬਤਰੋਹੀ ਉੱਥੇ ਫਸ ਗਏ। ਹਾਲਾਂਕਿ ਇਨ੍ਹਾਂ ‘ਚੋਂ 4 ਲੋਕ ਰੱਸੀ ਦੀ ਮਦਦ ਨਾਲ ਵਾਪਸ ਆਉਣ ‘ਚ ਕਾਮਯਾਬ ਰਹੇ। ਦੋ ਪਰਬਤਰੋਹੀ (ਇੱਕ ਬ੍ਰਿਟਿਸ਼ ਅਤੇ ਇੱਕ ਨੇਪਾਲੀ) ਹਜ਼ਾਰਾਂ ਫੁੱਟ ਹੇਠਾਂ ਡਿੱਗ ਗਏ ਅਤੇ ਬਰਫ ਵਿੱਚ ਦੱਬ ਗਏ। ਇਹ ਘਟਨਾ 21 ਮਈ ਦੀ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। 4 ਦਿਨਾਂ ਤੱਕ ਬਰਫ ‘ਚ ਫਸੇ ਰਹਿਣ ਤੋਂ ਬਾਅਦ ਦੋਵੇਂ ਪਰਬਤਰੋਹੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਭੀੜ ਕਾਰਨ ਡਿੱਗਿਆ ਬਰਫ਼ ਦਾ ਇੱਕ ਹਿੱਸਾ, 2 ਪਰਬਤਰੋਹੀਆਂ ‘ਡੈਥ ਜ਼ੋਨ’ ‘ਚ ਡਿੱਗੇ, ਤਲਾਸ਼ੀ ਮੁਹਿੰਮ ਜਾਰੀ
ਨੇਪਾਲ ਦੇ ਸੈਰ-ਸਪਾਟਾ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਲੋਕ ਐਵਰੈਸਟ ‘ਤੇ ਚੜ੍ਹਨ ਵਾਲੇ 15 ਪਰਬਤਾਰੋਹੀਆਂ ਦੇ ਸਮੂਹ ਦਾ ਹਿੱਸਾ ਸਨ। ਜਦੋਂ ਬਰਫ਼ ਦਾ ਇੱਕ ਹਿੱਸਾ ਟੁੱਟ ਗਿਆ ਤਾਂ ਉਹ ਦੱਖਣੀ ਸ਼ਿਖਰ ਵੱਲ ਡਿੱਗ ਪਿਆ। ਇਸ ਨੂੰ ਪਹਾੜੀ ਦਾ ਡੈਥ ਜ਼ੋਨ ਕਿਹਾ ਜਾਂਦਾ ਹੈ, ਜਿੱਥੇ ਆਕਸੀਜਨ ਦਾ ਪੱਧਰ ਬਹੁਤ ਘੱਟ ਹੁੰਦਾ ਹੈ। ਐਡਵੈਂਚਰ ਕੰਪਨੀ 8ਕੇ ਐਕਸਪੀਡੀਸ਼ਨ ਨੇ ਕਿਹਾ ਕਿ ਬਚਾਅ ਕਰਮਚਾਰੀ ਦੋ ਪਰਬਤਾਰੋਹੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਹੁਣ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਚੜ੍ਹਾਈ ਦੀ ਅਗਵਾਈ ਕਰ ਰਹੀ ਕੰਪਨੀ ਨੇ ਕਿਹਾ ਕਿ ਹਿਲੇਰੀ ਸਟੈਪ ਤੋਂ ਬਰਫ਼ ਦਾ ਟੁਕੜਾ ਡਿੱਗਿਆ ਸੀ। ਇਹ ਸਿਖਰ ਦੇ ਨੇੜੇ ਬਰਫ਼ ਦਾ ਇੱਕ ਲੰਬਕਾਰੀ ਹਿੱਸਾ ਸੀ। ਇੱਥੋਂ ਦੋਵੇਂ ਪਹਾੜੀ ਤਿੱਬਤ ਵੱਲ ਡਿੱਗ ਪਏ।