ਖੰਨਾ/ਚੰਡੀਗੜ੍ਹ, 26 ਮਈ ,ਬੋਲੇ ਪੰਜਾਬ ਬਿਓਰੋ:ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਦੇ ਸਮਰਥਨ ’ਚ ਆਯੋਜਿਤ ਜਨਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਦੇਖੀ, ਇੰਦਰਾ ਗਾਂਧੀ ਦੀ ਸਰਕਾਰ ਦੇਖੀ, ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇਖੀ ਹੈ, ਪਰ ਦੇਸ਼ ਅੰਦਰ ਵਿਕਾਸ ਦੀ ਜੋ ਤੇਜ਼ੀ ਨਰਿੰਦਰ ਮੋਦੀ ਦੇ ਰਾਜ ’ਚ ਦੇਖਣ ਨੂੰ ਮਿਲੀ ਹੈ, ਆਜ਼ਾਦ ਭਾਰਤ ਦੇ ਇਤਿਹਾਸ ’ਚ ਉਹ ਤੇਜ਼ੀ ਕਦੇ ਵੀ ਦੇਖਣ ਨੂੰ ਨਹੀਂ ਮਿਲੀ।
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਡਾਕਟਰ ਨੇ ਉਨ੍ਹਾਂ ਨੂੰ ਖੜ੍ਹੇ ਨਾ ਹੋਣ ਤੋਂ ਮਨ੍ਹਾਂ ਕੀਤਾ ਹੋਇਆ ਹੈ। ਉਨ੍ਹਾਂ ਨੂੰ ਡਾਕਟਰ ਨੇ 7 ਦਿਨਾਂ ਦੇ ਆਰਾਮ ਦੀ ਸਲਾਹ ਦਿੱਤੀ ਗਈ ਹੈ, ਪਰ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੱਕ ਉਹ ਆਰਾਮ ਨਹੀਂ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਕੋਈ ਪੁੱਛਦਾ ਹੈ ਕਿ ਪੰਜਾਬ ਕਿਸਨੂੰ ਕਹਿੰਦੇ ਹਨ ਤਾਂ ਮੈਂ ਇਸ ਫੈਸਲੇ ’ਤੇ ਪਹੁੰਚਦਾ ਹਾਂ ਕਿ ਬਹਾਦਰੀ, ਜ਼ੋਰ, ਹਿੰਮਤ, ਵੀਰਤਾ ਅਤੇ ਦੇਸ਼ ਭਗਤੀ ਦਾ ਜਿਹੜੀ ਧਰਤੀ ’ਤੇ ਸੰਗਮ ਹੁੰਦਾ ਹੈ, ਉਸਨੂੰ ਹੀ ਅਸੀਂ ਪੰਜਾਬ ਕਹਿੰਦੇ ਹਾਂ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਾਰਮਿਕ ਗਿਆਨ ਦੀ ਧਰਤੀ ਹੈ। ਗੁਰੂ ਸਾਹਿਬ ਨੂੰ ਦੁਨੀਆਂ ਭਰ ਵਿੱਚ ਲੋਕ ਜਾਣਦੇ ਹਨ। ਸ਼ਹੀਦ ਭਗਤ ਸਿੰਘ ਵਰਗੇ ਅਣਗਿਣਤ ਯੋਗਾ ਇਸ ਧਰਤੀ ’ਤੇ ਪੈਦਾ ਹੋਏ ਹਨ। ਗੁਰੂਆਂ, ਪੀਰਾਂ ਦੇ ਨਾਲ-ਨਾਲ ਪੰਜਾਬ ਕਿਸਾਨਾਂ ਦੀ ਵੀ ਧਰਤੀ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਆਦੇਸ਼ਾਂ ਅਨੁਸਾਰ ਹੀ ਭਾਜਪਾ ਸਰਕਾਰ ਨੇ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕੀ ਕੁੱਝ ਕੀਤਾ ਹੈ ਇਹ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈ। ਭਾਜਪਾ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਵਾਇਆ, ਸ਼੍ਰੀ ਹਰਮਿੰਦਰ ਸਾਹਿਬ ਵਿਖੇ ਵਿਦੇਸ਼ੀ ਚੰਦੇ ’ਤੇ ਲੱਗੀ ਪਾਬੰਦੀ ਨੂੰ ਹਟਾਇਆ, ਦੇਸ਼ ਦੁਨੀਆਂ ’ਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ’ਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖ ਧਰਮ ਦਾ ਜਿੰਨਾ ਸਨਮਾਨ ਕੀਤਾ ਜਾਵੇ ਘੱਟ ਹੈ, ਸਿੱਖ ਅਤੇ ਹਿੰਦੂਆਂ ਨੂੰ ਇਸ ਸੱਚਾਈ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਸਿੱਖ ਸਮਾਜ ਦੇ ਲੋਕਾਂ ਨੇ ਆਪਣਾ ਬਲੀਦਾਨ ਨਾ ਦਿੱਤਾ ਹੁੰਦਾ ਤਾਂ ਅੱਜ ਸਾਡੀ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ ਨਾ ਹੁੰਦੀ ਹੈ, ਇਸ ਲਈ ਭਾਰਤ ਹਮੇਸ਼ਾ ਸਿੱਖ ਸਮਾਜ ਦਾ ਕਰਜ਼ਦਾਰ ਹੈ।
ਆਮ ਆਦਮੀ ਪਾਰਟੀ ’ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ’ਚ ਆਪ ਦੀ ਸਰਕਾਰ ਹੈ ਅਤੇ ਦਿੱਲੀ ਦੇ ਮੰਤਰੀ ਸ਼ਰਾਬ ਘੁਟਾਲੇ ਦੇ ਮਾਮਲੇ ’ਚ ਜੇਲ੍ਹ ਗਏ ਹਨ। ਦਿੱਲੀ ਦੇ ਮੁੱਖ ਅਰਵਿਦ ਕੇਜਰੀਵਾਲ ਸ਼ਰਾਬ ਘੁਟਾਲਾ ਮਾਮਲੇ ’ਚ ਜੇਲ ਗਏ, ਪਰ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡੀ, ਜਦਕਿ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਸੀ, ਪਰ ਉਨ੍ਹਾਂ ਜੇਲ ਤੋਂ ਸਰਕਾਰ ਚਲਾਈ। ਵਰਕ ਫ੍ਰਾਮ ਆਫਿਸ, ਵਰਕ ਫ੍ਰਾਮ ਹੋਮ ਸੁਣਿਆ ਸੀ, ਪਰ ਵਰਕ ਫ੍ਰਾਮ ਜੇਲ ਪਹਿਲੀ ਵਾਰ ਸੁਣਿਆ ਹੈ। ਕਾਂਗਰਸ ਦੇ ਭ੍ਰਿਸ਼ਟਾਚਾਰ ਖਿਲਾਫ਼ ਅੰਨਾ ਹਜ਼ਾਰੇ ਨਾਲ ਮਿਲ ਕੇ ਅੰਦੋਲਨ ਚਲਾਉਣ ਵਾਲੇ ਕੇਜਰੀਵਾਲ ਨੇ ਮੁੱਖ ਮੰਤਰੀ ਬਣਨ ’ਤੇ ਸਰਕਾਰੀ ਸਹੂਲਤਾਂ ਲੈਣ ਤੋਂ ਇਨਕਾਰ ਕੀਤਾ ਸੀ, ਪਰ ਅੱਜ ਉਨ੍ਹਾਂ ਮੁੱਖ ਮੰਤਰੀ ਨਿਵਾਸ ਨੂੰ ਸ਼ੀਸ਼ ਮਹਿਲ ਬਣਾ ਦਿੱਤਾ ਹੈ। ਕੇਂਦਰੀ ਰੱਖਿਆ ਮੰਤਰੀ ਨੇ ਸਵਾਤੀ ਮਾਲੀਵਾਲ ਦੇ ਮੁੱਦੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਅਤੇ ਉਨ੍ਹਾਂ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਦੀ ਹੀ ਰਾਜ ਸਭਾ ਸਾਂਸਦ ਦੀ ਕੁੱਟਮਾਰ ਕੀਤੀ ਜਾਂਦੀ ਹੈ, ਪਰ ਕੇਜਰੀਵਾਲ 15 ਦਿਨ੍ਹਾਂ ਤੱਕ ਮਾਮਲੇ ’ਤੇ ਕੁੱਝ ਵੀ ਨਹੀਂ ਬੋਲੇ। ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਨਵੀਂ ਸੋਚ ਨਾਲ ਨਵੇਂ ਭਾਰਤ ਦਾ ਨਿਰਮਾਣ ਸਿਰਫ਼ ਅਸੀਂ ਭਾਰਤਵਾਸੀ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇਖ ਰਹੀ ਹੈ ਜੋ ਭਾਰਤ ਅਰਥਵਿਵਸਥਾ ਦੇ ਮਾਮਲੇ ’ਚ 11ਵੇਂ ਸਥਾਨ ’ਤੇ ਕਾਬਜ਼ ਸੀ, ਸਿਰਫ਼ 8 ਸਾਲ ਦੇ ਅੰਦਰ 5ਵੇਂ ਸਥਾਨ ’ਤੇ ਪਹੁੰਚ ਗਈ ਹੈ।