ਸੰਗਰੂਰ, 26 ਮਈ ,ਬੋਲੇ ਪੰਜਾਬ ਬਿਓਰੋ: ਪੰਜਾਬ ਦੇ ਖੇਡ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਮਰਨਜੀਤ ਸਿੰਘ ਮਾਨ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨਾਂ ਨੇ ਡੇਢ ਸਾਲ ’ਚ ਲੋਕ ਸਭਾ ’ਚ ਪੰਜਾਬ ਦਾ ਇਕ ਵੀ ਮੁੱਦਾ ਨਹੀਂ ਚੁੱਕਿਆ।
ਉਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਦੇ ਹਨ। ਉਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਨੇ ਜਨਰਲ ਡਾਇਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਸੀ। ਉਨਾਂ ਕਿਹਾ ਕਿ ਇਹ ਤਾਂ ਸ਼ਹੀਦ ਊਧਮ ਸਿੰਘ ਸਨ ਜਿਨਾਂ ਨੇ ਜਨਰਲ ਡਾਇਰ ਤੋਂ ਬਦਲਾ ਲਿਆ ਸੀ। ਉਨਾਂ ਕਿਹਾ ਕਿ ਉਹ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦੇ ਸਨ। ਉਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦੁਆਉਣ ਲਈ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿਚ ਫਾਂਸੀ ਕਬੂਲ ਕਰ ਲਈ। ਅੱਜ ਦੇ ਨੌਜਵਾਨ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਨੂੰ ਆਪਣਾ ਹੀਰੋ ਮੰਨਦੇ ਹਨ। ਉਨਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਵੇਲੇ ਵੀ ਸਿਮਰਨਜੀਤ ਮਾਨ ਨੇ ਭਾਜਪਾ ਨੂੰ ਆਪਣੀ ਵੋਟ ਪਾਈ ਸੀ। ਉਨਾਂ ਕਿਹਾ ਕਿ ਸਿਮਰਨਜੀਤ ਮਾਨ ਸਿਰਫ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ।