ਪਟਿਆਲਾ, 25 ਮਈ, ਬੋਲੇ ਪੰਜਾਬ ਬਿਓਰੋ:
ਪੋਲੋ ਗਰਾਊਂਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਸੁਰੱਖਿਆ ਮੁਹੱਈਆ ਕਰਾਉਣ ਲਈ ਸਕੂਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਨਾਗਾਲੈਂਡ ਸਥਿਤ ਪੈਰਾ ਮਿਲਟਰੀ ਫੋਰਸ ਦੇ ਜਵਾਨ, ਜਿਸ ਦੀ ਪਛਾਣ 40 ਸਾਲਾ ਕਾਂਸਟੇਬਲ ਯਾਂਗਤਸਾਸੇ ਵਜੋਂ ਹੋਈ ਹੈ, ਦੀ ਮੌਤ ਹੋ ਗਈ।
ਇੱਥੇ ਵਰਣਨਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਟਿਆਲਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀ ਸੁਰੱਖਿਆ ਲਈ ਸ਼ਹਿਰ ਵਿਚ ਨੀਮ ਫੌਜੀ ਬਲਾਂ ਅਤੇ ਬਾਹਰਲੇ ਰਾਜਾਂ ਤੋਂ ਵੱਖ-ਵੱਖ ਟੁਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਸਨ।
ਨਾਗਾਲੈਂਡ ਤੋਂ ਪੈਰਾ ਮਿਲਟਰੀ ਫੋਰਸ ਸਿੱਧੂਵਾਲ ਦੇ ਸਰਕਾਰੀ ਮਾਡਰਨ ਹਾਈ ਸਕੂਲ ਵਿੱਚ ਤਾਇਨਾਤ ਸੀ, ਜਿੱਥੇ ਬੀਤੀ ਰਾਤ 2 ਵਜੇ ਦੇ ਕਰੀਬ ਇਹ ਸਾਰੀ ਘਟਨਾ ਵਾਪਰੀ। ਸਕੂਲ ਦੀ ਤੀਜੀ ਮੰਜ਼ਿਲ ਦੀ ਛੱਤ ਤੋਂ ਡਿੱਗਣ ਕਾਰਨ 40 ਸਾਲਾ ਕਾਂਸਟੇਬਲ ਯਾਂਗਤਸਾਸੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਫੌਜ ਦੇ ਜਵਾਨਾਂ ਨੇ ਸਨਮਾਨ ਦੇ ਨਾਲ ਤਾਬੂਤ ਵਿੱਚ ਰੱਖਿਆ ਅਤੇ ਨਾਗਾਲੈਂਡ ਲਿਜਾਇਆ ਗਿਆ। ਸ਼ਹੀਦ ਕਾਂਸਟੇਬਲ ਦੇ ਪਰਿਵਾਰ ਵਿੱਚ ਉਸ ਦੇ ਤਿੰਨ ਬੱਚੇ, ਇੱਕ ਲੜਕਾ ਅਤੇ ਦੋ ਲੜਕੀਆਂ ਹਨ।ਉਹ ਘਰ ਦਾ ਇੱਕੋ ਇੱਕ ਕਮਾਉਣ ਵਾਲਾ ਸੀ।