ਮੋਹਾਲੀ, 25 ਮਈ,ਬੋਲੇ ਪੰਜਾਬ ਬਿਓਰੋ : ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ ਆਈਐਚਐਮ ਮੁੰਬਈ ਵਿਖੇ ਆਯੋਜਿਤ ਰਾਸ਼ਟਰੀ ਪੱਧਰ ਦੇ ਸ਼ੈੱਫ ਮੁਕਾਬਲੇ “ਬੈਟਰ ਕਿਚਨ ਬੇਕਰੀ ਚੈਂਪੀਅਨਸ਼ਿਪ” ਦੇ ਗ੍ਰੈਂਡ ਫਿਨਾਲੇ ਵਿੱਚ ਮੈਡਲ ਜਿੱਤਿਆ। ਫਾਈਨਲਿਸਟਾਂ ਨੂੰ ਸ਼ਾਰਟਲਿਸਟ ਕਰਨ ਲਈ, ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ੈੱਫ ਮੁਕਾਬਲੇ ਕਰਵਾਏ ਗਏ। ਪੰਜਾਬ ਖੇਤਰ ਵਿੱਚ ਖੁਸ਼ਦੀਪ ਕੌਰ ਜੇਤੂ ਰਹੀ ਅਤੇ ਮੁੰਬਈ ਵਿੱਚ ਉਸ ਨੂੰ ਫਾਈਨਲ ਲਈ ਬੁਲਾਇਆ ਗਿਆ। ਉਸ ਨੇ ਪੰਜਾਬੀ ਥੀਮ ‘ਤੇ ਆਧਾਰਿਤ ਵਿਆਹ ਦਾ ਕੇਕ ਤਿਆਰ ਕੀਤਾ। ਜੱਜਾਂ ਵੱਲੋਂ ਉਸ ਵਲੋਂ ਤਿਆਰ ਕੀਤੇ ਕੇਕ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੀ ਜੱਜਮੈਂਟ ਨਾਮਵਰ ਸ਼ੈੱਫ ਵੱਲੋਂ ਕੀਤੀ ਗਈ ਅਤੇ ਇਨਾਮਾਂ ਦੀ ਵੰਡ ਮਸ਼ਹੂਰ ਸ਼ੈੱਫ ਹਰਪਾਲ ਸਿੰਘ ਵੱਲੋਂ ਕੀਤੀ ਗਈ। ਜੇਤੂਆਂ ਨੂੰ ਦੀ ਬੀ ਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ ਨੇ ਸਨਮਾਨਿਤ ਕੀਤਾ। ਡਾ: ਜ਼ੋਰਾ ਸਿੰਘ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਇਸ ਪ੍ਰਾਪਤੀ ਉਪਰ ਵਧਾਈ ਦਿੱਤੀ | ਡਾ: ਤਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ ਡਾਇਰੈਕਟਰ ਡਾ: ਅਮਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਸ਼ੈੱਫ ਰਿੰਕੂ ਸਿੰਘ ਨੇ ਮੁਕਾਬਲੇ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ।
