ਦੂਜੀਆਂ ਸਿਆਸੀ ਪਾਰਟੀਆਂ ਨੂੰ ਘੇਰਨ ਵਾਲੀ ਆਮ ਆਦਮੀ ਪਾਰਟੀ ਬੇਅਦਬੀ ਮੁੱਦੇ ‘ਤੇ ਖੁਦ ਚੁੱਪ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 25 ਮਈ ,ਬੋਲੇ ਪੰਜਾਬ ਬਿਓਰੋ: 2017 ਦੀਆਂ ਪੰਜਾਬ ਵਿਧਾਨ ਸਭਾ ਅਤੇ 13 ਮਈ 2019 ਦੀਆਂ ਲੋਕ ਸਭਾ ਚੋਣਾ ਮੌਕੇ ਬੇਅਦਬੀ ਦਾ ਮੁੱਦਾ ਭਾਰੂ ਰਿਹਾ , ਜਿੱਥੇ ਵਿਰੋਧੀ ਪਾਰਟੀਆਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਉੱਪਰ ਸਿਆਸੀ ਹਮਲੇ ਕੀਤੇ, ਉੱਥੇ ਅਕਾਲੀ ਦਲ ਬਾਦਲ ਦਾ ਹਰ ਬਿਆਨ ਬਚਾਅ ਪੱਖ ਵਿਚ ਹੀ ਪੜ੍ਹਨ, ਸੁਣਨ ਜਾਂ ਦੇਖਣ ਨੂੰ ਮਿਲਦਾ ਸੀ ਪਰ ਇਸ ਵਾਰ ਪੀੜਤ ਪ੍ਰੀਵਾਰਾਂ ਦੇ ਰੋਸ ਦੇ ਬਾਵਜੂਦ ਵੀ ਬੇਅਦਬੀ ਦਾ ਮੁੱਦਾ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ। ਬਾਦਲ, ਕੈਪਟਨ ਅਤੇ ਚੰਨੀ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਤਰਾਂ ਸੱਤਾਧਾਰੀ ਧਿਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਮੌਕੇ ਚਰਚਾ ਵਿਚ ਰਿਹਾ ਬੇਅਦਬੀ ਕਾਂਡ ਦਾ ਮੁੱਦਾ ਇਨ੍ਹਾਂ ਚੋਣਾ ਵਿਚ ਪੂਰੀ ਤਰ੍ਹਾਂ ਵਿਸਰ ਗਿਆ ਜਾਪਦਾ ਹੈ। ਸਾਲ 2015 ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਵਾਪਰੇ ਬੇਅਦਬੀ ਕਾਂਡ ਦੇ ਮੁੱਦੇ ਨੇ ਅਕਾਲੀ ਦਲ ਨੂੰ ਹਾਸ਼ੀਏ ’ਤੇ ਲਿਆ ਦਿਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੱਥੇ ਨਾਲ ਪਵਿੱਤਰ ਗੁਟਕਾ ਸਾਹਿਬ ਲਗਾ ਕੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਸਹੁੰ ਚੁੱਕੀ ਪਰ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵੀ ਪੰਜਾਬ ਵਾਸੀਆਂ ਨੇ ਸਬਕ ਸਿਖਾ ਦਿਤਾ।

ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਸ ਦਾ ਵੀ ਬੇਅਦਬੀ ਕਾਂਡ ਦੇ ਪੀੜਤਾਂ ਨਾਲ ਤਕਰਾਰ ਵਾਲਾ ਮਾਹੌਲ ਬਣਿਆ ਰਿਹਾ ਪਰ ਵਰਤਮਾਨ ਲੋਕ ਸਭਾ ਚੋਣਾ ਵਿਚ ਉਕਤ ਮੁੱਦਾ ਸ਼ਾਂਤ ਹੈ। ‘ਆਪ’ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੀ ਅਗਵਾਈ ਵਾਲਾ ਕਾਫ਼ਲਾ ਜਦੋਂ ਬੇਅਦਬੀ ਕਾਂਡ ਮੌਕੇ ਚਰਚਾ ਵਿਚ ਰਹੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜਾ ਤਾਂ ਕਰਮਜੀਤ ਅਨਮੋਲ ਸਮੇਤ ਕਿਸੇ ਵੀ ਬੁਲਾਰੇ ਨੇ ਬੇਅਦਬੀ ਦੇ ਮੁੱਦੇ ’ਤੇ ਇਕ ਵੀ ਸ਼ਬਦ ਬੋਲਣਾ ਮੁਨਾਸਿਬ ਨਾ ਸਮਝਿਆ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ, ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਸਮੇਤ ਵੱਖ ਵੱਖ ਪਾਰਟੀਆਂ ਵਲੋਂ ਜਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਆਗੂ ਤੇ ਉਨ੍ਹਾਂ ਦੇ ਸਮਰਥਕ ਬੇਅਦਬੀ ਦੇ ਮੁੱਦੇ ’ਤੇ ਬੋਲਣ ਤੋਂ ਸੰਕੋਚ ਕਰ ਰਹੇ ਹਨ।

 

Leave a Reply

Your email address will not be published. Required fields are marked *