ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਕਰਵਾਈਆਂ ਜਾਣਗੀਆਂ ਮੁੱਹਈਆ – ਸ਼ਰਮਾ
ਭਾਜਪਾ ਨੂੰ ਇੱਕ ਇੱਕ ਵੋਟ ਪੰਜਾਬ ਦੇ ਬਹੁਪੱਖੀ ਵਿਕਾਸ ਲਈ ਲਾਹੇਵੰਦ: ਡਾ. ਸ਼ਰਮਾ
ਖਰੜ/ ਮੋਹਾਲੀ 25 ਮਈ ,ਬੋਲੇ ਪੰਜਾਬ ਬਿਓਰੋ: – ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਹਾਲੀ ਅਤੇ ਖਰੜ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਇਨ੍ਹਾਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ। ਅੱਜ ਹਲਕੇ ਦੇ ਜਲ ਬਾਥ ਫਿਟਿੰਗ, ਅਟੌਪ, ਆਈ ਐੱਸ ਛਾਬੜਾ, ਮਨਪ੍ਰੀਤ ਢੱਟ, ਮਨੌਲੀ, ਫੇਸ 1, 9, ਜਗਤਪੁਰਾ ਅਤੇ ਵਾਇਲਡ ਵੁੱਡ ਰਿਜ਼ੌਰਟ ਆਦਿ ਇਲਾਕਿਆਂ ਵਿੱਚ ਆਪਣੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਇੰਨ੍ਹਾਂ ਇਲਾਕਿਆਂ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ। ਜਿਸ ਨੂੰ ਅਮਲੀ ਰੂਪ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਅਪੀਲ ਕੀਤੀ ਜਾਵੇਗੀ।
ਫੇਜ 8 ਵਿਖੇ ਜਲ ਬਾਥ ਫਿਟਿੰਗ ਵਿਖੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਲਈ ਰਾਜਨੀਤੀ ਵਿੱਚ ਆਇਆਂ ਹਾਂ ਅਤੇ ਮੇਰਾ ਮਕਸਦ ਸਿਰਫ ਅਤੇ ਸਿਰਫ ਆਪਣੇ ਸੂਬੇ ਪੰਜਾਬ ਨੂੰ ਵਿਕਾਸ ਦੀ ਬੁਲੰਦੀਆਂ ਦੇ ਪਹੁੰਚਾਣਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੋਰਨਾਂ ਸੂਬਿਆਂ ਵਾਂਗ ਇਕਸਮਾਨ ਯੋਜਨਾਵਾਂ ਪੰਜਾਬ ਦੇ ਲੋਕਾਂ ਲਈ ਵੀ ਲਾਗੂ ਕਰਦੀ ਹੈ, ਲੇਕਿਨ ਸਥਾਨਕ ਸਰਕਾਰਾਂ ਉਨ੍ਹਾਂ ਯੋਜਨਾਵਾਂ ਅਤੇ ਫੰਡਾਂ ਦੀ ਦੁਰਵਰਤੋਂ ਕਰਕੇ ਲੋਕਾਂ ਝੂਠੀ ਵਾਹਵਾਹੀ ਖੱਟਣ ਦੀ ਨਾਕਾਮ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਬਿਹਤਰੀ ਲਈ ਭਾਜਪਾ ਉਮੀਦਵਾਰਾਂ ਨੂੰ ਪਾਈਆਂ ਗਈਆਂ ਇੱਕ ਇਕ ਵੋਟ ਮੀਲ ਦਾ ਪੱਥਰ ਸਾਬਿਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਸਾਬਕਾ ਲੋਕ ਸਭਾ ਮੈਂਬਰਾਂ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸਥਿਤੀ ਸੁਧਾਰਨ ਦੀ ਥਾਂ ਨਿਘਾਰ ਦਿੱਤੀ ਹੈ। ਇਸ ਲਈ ਉਹ ਪੂਰੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਦਯੋਗ ਸਥਾਪਿਤ ਕਰਨ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਹੁਣ ਤਾਂ ਵਿਰੋਧੀ ਧਿਰਾਂ ਵੀ ਕਬੂਲ ਕਰ ਚੁੱਕੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਭਲੇ ਲਈ ਭਾਜਪਾ ਨੂੰ ਵੋਟ ਪਾਉਣਾ ਲਾਜ਼ਮੀ ਹੈ।