ਚੰਡੀਗੜ੍ਹ, 24 ਮਈ, ਬੋਲੇ ਪੰਜਾਬ ਬਿਓਰੋ:
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਪਰਿਵਾਰ ਨੂੰ ਲੈ ਕੇ ਜਾ ਰਹੀ ਟੈਂਪੂ ਟਰੈਵਲਰ ਦੀ ਟਰਾਲੇ ਨਾਲ ਟੱਕਰ ਹੋ ਗਈ। ਇਹ ਹਾਦਸਾ ਰਾਤ ਕਰੀਬ 2 ਵਜੇ ਅੰਬਾਲਾ-ਦਿੱਲੀ ਹਾਈਵੇ ‘ਤੇ ਮੋਹੜਾ ਨੇੜੇ ਵਾਪਰਿਆ। ਟਰੈਵਲਰ ਵਿੱਚ ਕੁੱਲ 26 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਛੇ ਮਹੀਨਿਆਂ ਦੀ ਬੱਚੀ ਸਮੇਤ ਸੱਤ ਦੀ ਮੌਤ ਹੋ ਗਈ ਹੈ ਅਤੇ 20 ਲੋਕ ਜ਼ਖ਼ਮੀ ਹੋਏ ਹਨ।
ਹਾਦਸਾ ਇੰਨਾ ਦਰਦਨਾਕ ਸੀ ਕਿ ਟਰੈਵਲਰ ਦਾ ਇਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਜ਼ਖਮੀ ਇਧਰ-ਉਧਰ ਹਾਈਵੇਅ ‘ਤੇ ਡਿੱਗ ਪਏ।ਜਦਕਿ ਕੁਝ ਜ਼ਖਮੀ ਯਾਤਰੀ ਫਸ ਗਏ। ਚੀਕਾਂ ਸੁਣ ਕੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਪੁਲਸ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਛਾਉਣੀ ਦੇ ਸਿਵਲ ਹਸਪਤਾਲ ਅਤੇ ਆਦੇਸ਼ ਹਸਪਤਾਲ ‘ਚ ਦਾਖਲ ਕਰਵਾਇਆ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਗਿਆ ਹੈ।ਮੋਹੜਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਜਾਣਕਾਰੀ ਦਿੰਦਿਆਂ ਜ਼ਖਮੀ ਧੀਰਜ ਨੇ ਦੱਸਿਆ ਕਿ ਉਹ 23 ਮਈ ਦੀ ਸ਼ਾਮ ਨੂੰ ਵੈਸ਼ਨੋ ਦੇਵੀ ਲਈ ਰਵਾਨਾ ਹੋਏ ਸਨ ਅਤੇ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ। ਜਿਵੇਂ ਹੀ ਉਹ ਮੋਹੜੇ ਕੋਲ ਪਹੁੰਚੇ ਤਾਂ ਅਚਾਨਕ ਸਾਹਮਣੇ ਇਕ ਵਾਹਨ ਆ ਗਿਆ ਤੇ ਟੱਕਰ ਹੋ ਗਈ।