ਵੋਟਾਂ ਪਾਉਣ ਲਈ 11 ਘੰਟੇ ਦਾ ਸਮਾਂ ਪਹਿਲਾਂ ਹੀ ਕਾਫੀ : ਡੀ ਟੀ ਐੱਫ

ਚੰਡੀਗੜ੍ਹ ਪੰਜਾਬ

ਬੀਜੇਪੀ ਵੱਲੋਂ ਵੋਟ ਪਾਉਣ ਦਾ ਸਮਾਂ ਵਧਾਉਣ ਦੀ ਮੰਗ ਦਾ ਡੀਟੀਐੱਫ ਵੱਲੋਂ ਵਿਰੋਧ

ਮੌਕ ਪੋਲ ਤੋਂ ਮਸ਼ੀਨਾਂ ਦੀ ਸੀਲਿੰਗ ਤੱਕ ਲੱਗਦੇ 14 ਤੋਂ 15 ਘੰਟੇ: ਡੀ ਟੀ ਐੱਫ

ਚੰਡੀਗੜ੍ਹ 24 ਮਈ,ਬੋਲੇ ਪੰਜਾਬ ਬਿਓਰੋ: ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਮਾਂ ਵਧਾਉਣ ਦੀ ਮੰਗ ਦਾ ਸਖਤ ਨੋਟਿਸ ਲੈਂਦਿਆਂ ਇਸ ਦਾ ਵਿਰੋਧ ਕੀਤਾ ਹੈ ਅਤੇ ਇਸ ਮੰਗ ਨੂੰ ਪੂਰੀ ਤਰ੍ਹਾਂ ਗੈਰ ਵਾਜਿਬ ਅਤੇ ਵੋਟਿੰਗ ਕਰਵਾਉਣ ਵਾਲੇ ਅਮਲੇ ਲਈ ਪ੍ਰੇਸ਼ਾਨੀ ਤੇ ਖੱਜਲ ਖੁਆਰੀ ਵਧਾਉਣ ਵਾਲੀ ਮੰਗ ਕਰਾਰ ਦਿੱਤਾ ਹੈ।ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਰਾਜਨੀਤਿਕ ਪਾਰਟੀਆਂ ਨੂੰ ਅੰਤਰਚਾਤ ਮਾਰਨੀ ਚਾਹੀਦੀ ਹੈ ਕਿ ਲੋਕਾਂ ਦਾ ਵੋਟ ਪ੍ਰਣਾਲੀ ਵਿੱਚ ਲਗਾਤਾਰ ਵਿਸ਼ਵਾਸ ਕਿਉਂ ਘੱਟ ਰਿਹਾ ਹੈ?

ਇਸ ਸਬੰਧੀ ਉਹਨਾਂ ਵਿਸਤ੍ਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਜਾਰੀ ਕਰਕੇ ਪਾਰਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਅਤੇ ਵਧੇਰੇ ਵੋਟਰ ਟਰਨ ਆਉਟ ਨੂੰ ਧਿਆਨ ਵਿੱਚ ਰੱਖਦਿਆਂ ਚੋਣਾਂ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਕੀਤਾ ਜਾਵੇ। ਜਦਕਿ ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਨਿਰਧਾਰਿਤ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਪੋਲਿੰਗ ਪਾਰਟੀ ਵੱਲੋਂ ਸਵੇਰੇ 5:30 ਵਜੇ ਮੌਕ ਪੋਲ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਣੀ ਹੈ। ਸ਼ਾਮ ਦੇ 6 ਵਜੇ ਤੱਕ ਪੋਲਿੰਗ ਬੂਥ ਦੇ ਬਾਹਰ ਲੱਗੀ ਲਾਈਨ ਵਿੱਚ ਜੋ ਵਿਅਕਤੀ ਖੜੇ ਹੁੰਦੇ ਹਨ ਉਹਨਾਂ ਦੀ ਵੋਟ ਪਵਾਈ ਜਾਂਦੀ ਹੈ ਭਾਵੇਂ ਸਮਾਂ ਕਿੰਨਾ ਹੀ ਹੋ ਜਾਵੇ। ਇਸ ਤਰ੍ਹਾਂ ਪਹਿਲਾਂ ਹੀ ਮਸ਼ੀਨਾਂ ਦੇ ਸੀਲ ਹੋਣ ਤੱਕ ਦੀ ਪ੍ਰਕਿਰਿਆ 14 ਤੋਂ 15 ਘੰਟੇ ਦੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਪਤਾ ਨਹੀਂ ਕਿਹੜੀ ਸੋਚ ਦੇ ਮਾਲਕ ਹਨ ਕਿ ਉਹ ਇਸ ਨੂੰ 16 ਤੋਂ 17 ਘੰਟੇ ਦੀ ਕਰਨਾ ਚਾਹੁੰਦੇ ਹਨ। ਡੀਟੀਐਫ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਆਗੂ ਜਮੀਨੀ ਹਕੀਕਤਾਂ ਤੋਂ ਬਿਲਕੁਲ ਵੀ ਜਾਣੂ ਨਹੀਂ ਹੁੰਦੇ ਅਤੇ ਅਜਿਹੀ ਮੰਗ ਕਰਦੇ ਹਨ।

ਡੀ ਟੀ ਐੱਫ ਦੇ ਸੂਬਾ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੇ ਚੋਣ ਸ਼ਡਿਊਲ ਜਾਰੀ ਕਰਵਾਉਂਦਿਆਂ ਇਹ ਤੱਕ ਨਹੀਂ ਸੋਚਿਆ ਕਿ ਕਿਹੜੇ ਸੂਬਿਆਂ ਵਿੱਚ ਵੱਧ ਗਰਮੀ ਪੈਂਦੀ ਹੈ ਉਹਨਾਂ ਸੂਬਿਆਂ ਵਿੱਚ ਜੂਨ ਦਾ ਮਹੀਨੇ ਵਿੱਚ, ਜੋ ਕਿ ਸਭ ਤੋਂ ਵੱਧ ਗਰਮੀ ਦੇ ਮਹੀਨੇ ਹੁੰਦੇ ਹਨ, ਚੋਣਾਂ ਕਰਵਾਉਣੀਆਂ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇੰਨ੍ਹਾਂ ਰਾਜਨੀਤਕ ਪਾਰਟੀਆਂ ਅਤੇ ਇੰਨ੍ਹਾਂ ਦੇ ਆਗੂਆਂ ਨੂੰ ਲੋਕਾਂ ਦੀ ਸਿਹਤ ਅਤੇ ਵੋਟਰ ਟਰਨ ਆਉਟ ਦੀ ਐਨੀ ਹੀ ਚਿੰਤਾ ਹੈ ਤਾਂ ਲੋਕਾਂ ਦੀ ਸਿਹਤ ਲਈ ਜ਼ਰੂਰੀ ਪ੍ਰਬੰਧ ਕਰਦੇ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਚੋਣਾਂ ਨਿਰਧਾਰਿਤ ਕਰਦੇ। ਪਰ ਅਸਲੀਅਤ ਇਹ ਹੈ ਕਿ ਇੰਨ੍ਹਾਂ ਨੂੰ ਨਾਂ ਤਾਂ ਲੋਕਾਂ ਦੀ ਸਿਹਤ ਦੀ ਚਿੰਤਾ ਹੈ ਨਾ ਹੀ ਵੋਟਰਾਂ ਦੀ, ਇੰਨ੍ਹਾਂ ਪਾਰਟੀਆਂ ਦਾ ਉਦੇਸ਼ ਇੱਕ ਵਾਰ ਵੋਟ ਲੈਕੇ ਸੱਤਾ ਹਾਸਲ ਕਰਨਾ ਹੈ। ਇਸ ਲਈ ਡੀ ਟੀ ਐੱਫ ਦੇ ਆਗੂਆਂ ਨੇ ਵੋਟਾਂ ਦੇ ਸਮੇਂ ਵਿੱਚ ਵਾਧੇ ਨੂੰ ਮੰਗ ਨੂੰ ਗ਼ੈਰ ਵਾਜਬ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਤਬਦੀਲੀ ਦੀ ਕੋਈ ਲੋੜ ਨਹੀਂ।

Leave a Reply

Your email address will not be published. Required fields are marked *