ਬਾਬਾ ਵਡਭਾਗ ਦੇ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟੀ, ਮਾਂ-ਧੀ ਤੇ ਦੋ ਬੱਚਿਆਂ ਦੀ ਮੌਤ

ਚੰਡੀਗੜ੍ਹ ਪੰਜਾਬ


ਮਾਛੀਵਾੜਾ ਸਾਹਿਬ, 24 ਮਈ ,ਬੋਲੇ ਪੰਜਾਬ ਬਿਓਰੋ:
ਇਥੇ ਨੇੜੇ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ, ਜਿਸ ਵਿਚ ਮਾਂ-ਧੀ ਮਹਿੰਦਰ ਕੌਰ ਅਤੇ ਕਰਮਜੀਤ ਕੌਰ ਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਇਕ ਬੱਚੇ ਦੀ ਪਛਾਣ ਗਗਨਜੋਤ ਕੌਰ (15) ਵਜੋਂ ਹੋਈ ਹੈ। ਇੱਕ ਹੋਰ ਬੱਚਾ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ ਕਰੀਬ 15 ਤੋਂ ਵੱਧ ਔਰਤਾਂ, ਬੱਚੇ ਤੇ ਪੁਰਸ਼ ਡੇਰਾ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਗਏ ਸਨ। ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ’ਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਡਿੱਗੀ। ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਜਾ ਡਿੱਗਾ ਤੇ ਰੁੜ ਗਿਆ, ਜਦਕਿ ਬਾਕੀ ਸਾਰੇ ਗੰਭੀਰ ਜਖ਼ਮੀ ਹੋ ਗਏ। ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਮਹਿੰਦਰ ਤੇ ਕਰਮਜੀਤ ਕੌਰ ਨੇ ਹਸਪਤਾਲ ਵਿਚ ਇਲਾਜ ਅਧੀਨ ਦਮ ਤੋੜ ਦਿੱਤਾ। ਚਮਕੌਰ ਸਾਹਿਬ ਹਸਪਤਾਲ ਵਿਚ ਜ਼ਖ਼ਮੀ ਹੋਏ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ ਕਾਫ਼ੀ ਦੀ ਹਾਲਤ ਗੰਭੀਰ ਹੈ।

Leave a Reply

Your email address will not be published. Required fields are marked *