ਚੰਡੀਗੜ੍ਹ, 24 ਮਈ,
ਬੋਲੇ ਪੰਜਾਬ ਬਿਓਰੋ: ਗੁਰਦਾਸਪੁਰ ਵਿੱਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਤੇ ਆਪ ਦੇ ਨਾਲ ਨਾਲ ਸਮੁੱਚੇ ਇੰਡੀਆ ਗੱਠਜੋੜ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਹਮੇਸ਼ਾ ਜ਼ਖ਼ਮ ਦਿੱਤੇ ਹਨ। ਸਭ ਤੋਂ ਵੱਡਾ ਜ਼ਖ਼ਮ ਦੇਸ਼ ਦੀ ਵੰਡ ਦਾ ਹੈ। ਦਿੱਲੀ ’ਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਬਾਅਦ ਦਿੱਲੀ ਕਤਲੇਆਮ ਦੀਆਂ ਫਾਈਲਾਂ ਖੋਲ੍ਹੀਆਂ ਗਈਆਂ ਤੇ ਦੋਸ਼ੀਆਂ ਨੂੰ ਸਜ਼ਾ ਮਿਲੀ। ਸ੍ਰੀ ਮੋਦੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸ਼ਹਿਜ਼ਾਦੇ ਦੀ ਗੱਲ ਨਾ ਮੰਨੀ ਤਾਂ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਇੱਥੋਂ ਦੀ ਸਰਕਾਰ ਰਿਮੋਟ ਨਾਲ ਚੱਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਆਪ ਕੋਈ ਵੀ ਫ਼ੈਸਲਾ ਨਹੀਂ ਲੈ ਸਕਦੇ। ਇਸ ਲਈ ਹੁਕਮ ਲੈਣ ਵਾਸਤੇ ਉਹ ਤਿਹਾੜ ਜੇਲ੍ਹ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਅੰਦੋਲਨ ’ਚ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।