ਖਜ਼ਾਨਾ ਅਫਸਰਾਂ ਅਤੇ ਸਕੂਲ ਮੁਖੀਆਂ ਦਾ ਭੰਬਲਭੂਸਾ ਦੂਰ ਕਰੇ ਵਿਭਾਗ : ਡੀ ਟੀ ਐੱਫ
ਚੰਡੀਗੜ੍ਹ 24 ਮਈ ,ਬੋਲੇ ਪੰਜਾਬ ਬਿਓਰੋ:
ਪੰਜਾਬ ਸਰਕਾਰ ਵੱਲੋਂ 21 ਮਈ ਤੋਂ 30 ਜੂਨ 2024 ਦਰਮਿਆਨ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਐਲਾਨ ਨਾਲ ਸਕੂਲ ਮੁਖੀਆਂ ਅਤੇ ਖਜ਼ਾਨਾ ਅਫਸਰਾਂ ਵਿੱਚ ਮਈ ਮਹੀਨੇ ਦੇ ਮੋਬਾਇਲ ਭੱਤੇ ਸਬੰਧੀ ਦੁਬਿੱਧਾ ਖੜ੍ਹੀ ਹੋ ਗਈ ਹੈ ਕਿ ਮਈ ਮਹੀਨੇ ਦੀ ਤਨਖਾਹ ਭੱਤੇ ਸਮੇਤ ਜਾਰੀ ਕੀਤੀ ਜਾਵੇ ਜਾਂ ਭੱਤੇ ਤੋਂ ਬਿਨਾਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਸੰਬੰਧੀ ਪੱਤਰ ਵਿੱਚ ਜਿਹੜੇ ਅਧਿਆਪਕ ਚੋਣ ਡਿਊਟੀ ਅਤੇ ਚੋਣ ਵਿਵਸਥਾ ਸੰਬੰਧੀ ਡਿਊਟੀਆਂ ‘ਤੇ ਹਨ ਉਹਨਾਂ ਨੂੰ ਇਹ ਡਿਊਟੀ ਨਿਭਾਉਣ ਲਈ ਪਾਬੰਦ ਕੀਤੇ ਜਾਣ ਕਰਕੇ ਇਹ ਦੁਬਿਧਾ ਵਾਲੀ ਸਥਿਤੀ ਨਹੀਂ ਬਣਦੀ ਸੀ ਪਰ ਫਿਰ ਵੀ ਇਹ ਸਥਿਤੀ ਬਣੀ ਹੋਈ ਹੈ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ, ਵਿੱਤ ਵਿਭਾਗ ਅਤੇ ਚੋਣ ਕਮਿਸ਼ਨ ਪੰਜਾਬ ਇੰਨ੍ਹਾਂ ਛੁੱਟੀਆਂ ਦੌਰਾਨ ਚੋਣਾਂ ਸਬੰਧੀ ਕਿਸੇ ਵੀ ਡਿਊਟੀ ‘ਤੇ ਸੱਦੇ ਜਾ ਰਹੇ ਅਧਿਆਪਕਾਂ ਦੀ ਮਈ ਮਹੀਨੇ ਦੀ ਤਨਖਾਹ ਸਮੇਤ ਮੋਬਾਇਲ ਭੱਤੇ ਦੇ ਜਾਰੀ ਕਰਨ ਦੀਆਂ ਸਪਸ਼ਟ ਹਦਾਇਤਾਂ ਜਾਰੀ ਕਰਨ।
ਡੀ ਟੀ ਐੱਫ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪੰਜਾਬ ਵਿੱਚ 1 ਜੂਨ ਨੂੰ ਕਰਵਾਈਆਂ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹੋਰਨਾਂ ਮੁਲਾਜ਼ਮਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਦੀਆਂ ਵੀ ਬਤੌਰ ਬੂਥ ਲੈਵਲ ਅਫ਼ਸਰ (ਬੀਐੱਲਓ), ਪਰਜ਼ਾਇਡਿੰਗ ਅਫ਼ਸਰ (ਪੀਆਰਓ), ਸੁਪਰਵਾਇਜ਼ਰ, ਏਪੀਆਰਓ, ਪੋਲਿੰਗ ਅਫ਼ਸਰ, ਮਾਸਟਰ ਟ੍ਰੇਨਰ, ਟ੍ਰੇਨਰ, ਸੈਕਟਰ ਅਫਸਰਾਂ, ਸਟੈਟਿਕ ਸਰਵੈਲੀਐਂਸ ਟੀਮਾਂ, ਡਾਟਾ ਐਂਟਰੀ, ਕਾਉਂਟਿੰਗ ਡਿਊਟੀਆਂ ਆਦਿ ਦੀਆਂ ਲਗਾਤਾਰ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ। ਇਸ ਕਰਕੇ ਹਜ਼ਾਰਾਂ ਅਧਿਆਪਕ ਲਗਾਤਾਰ ਚੋਣ ਡਿਊਟੀਆਂ ਅਤੇ ਚੋਣ ਰਿਹਰਸਲਾਂ ਵਿੱਚ ਰੁੱਝੇ ਹੋਣ ਦੇ ਮੱਦੇਨਜ਼ਰ ਇਹਨਾਂ ਅਧਿਆਪਕਾਂ ਨੂੰ ਮਈ ਮਹੀਨੇ ਦੀ ਤਨਖ਼ਾਹ ਮੋਬਾਇਲ ਭੱਤੇ ਸਮੇਤ ਮਿਲਣਯੋਗ ਹੈ ਅਤੇ ਕਿਸੇ ਵੀ ਮਹੀਨੇ ਵਿੱਚ 10 ਦਿਨ ਤੋਂ ਵਧੇਰੇ ਲਗਾਤਾਰ ਛੁੱਟੀ ਹੋਣ ‘ਤੇ ਮੋਬਾਇਲ ਭੱਤਾ ਨਾ ਮਿਲਣਯੋਗ ਹੋਣ ਦੀਆਂ ਹਦਾਇਤਾਂ ਇਹਨਾਂ ਸਭ ਚੋਣ ਡਿਊਟੀਆਂ ‘ਤੇ ਲੱਗੇ ਅਧਿਆਪਕਾਂ ‘ਤੇ ਲਾਗੂ ਨਹੀਂ ਹੁੰਦੀਆਂ ਜਿਸ ਕਾਰਣ ਚੋਣ ਡਿਊਟੀਆਂ ਨਿਭਾ ਰਹੇ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਮੋਬਾਇਲ ਭੱਤਾ ਦੇਣਾ ਬਣਦਾ ਹੈ।