ਡਾਕਟਰ ਗਾਂਧੀ ਦੀਆਂ ਚੋਣ ਬੈਠਕਾਂ ਨੇ ਰੈਲੀਆਂ ਦਾ ਰੂਪ ਧਾਰਿਆ
ਪਟਿਆਲਾ 24 ਮਈ ,ਬੋਲੇ ਪੰਜਾਬ ਬਿਓਰੋ: ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਨਾਭਾ ਵਿਖੇ ਵੱਖ ਵੱਖ ਥਾਵਾਂ ‘ਤੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਦੀ ਅਗਵਾਈ ਹੇਠ ਕੀਤੀਆਂ ਚੋਣ ਬੈਠਕਾਂ ਰੈਲੀਆਂ ਦਾ ਰੂਪ ਧਾਰ ਗਈਆਂ। ਇਸ ਮੌਕੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ ਹਰਵਿੰਦਰ ਸਿੰਘ ਖਨੌੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਡਾਕਟਰ ਗਾਂਧੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਓਹ ਪਟਿਆਲਾ ਸਮੇਤ ਸਮੁੱਚੇ ਪੰਜਾਬ ਲਈ ਕੰਮ ਕਰਨ ਵਾਸਤੇ ਪ੍ਰਤੀਬੱਧ ਹਨ ਅਤੇ ਜਿੱਤ ਕੇ ਹਲ਼ਕੇ ਲਈ ਰਿਕਾਰਡ ਤੋੜ ਪ੍ਰਾਜੈਕਟ ਲਿਆਉਣਗੇ। ਉਹਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦਾ ਖ਼ੇਤਰ ਉਹਨਾਂ ਦੀ ਵਿਸ਼ੇਸ਼ ਤਰਜੀਹ ਰਹੇਗਾ। ਉਹਨਾਂ ਕਿਸਾਨਾਂ-ਮਜ਼ਦੂਰਾਂ, ਔਰਤਾਂ,ਨੌਜਵਾਨਾਂ,ਵਪਾਰੀ ਅਤੇ ਦੁਕਾਨਦਾਰ ਤਬਕੇ ਸਮੇਤ ਸਭ ਨੂੰ ਇੱਕਜੁੱਟ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟ ਕਰਨ ਲਈ ਕਿਹਾ ਤਾਂ ਜੋ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ।
ਉਹਨਾਂ ਕਿਹਾ ਕਿ ਮੈਂ ਆਪਣੇ 50 ਸਾਲ ਦੇ ਜਨਤਕ ਜੀਵਨ ‘ਚ ਆਪਣੇ ਕਿਰਦਾਰ ਨੂੰ ਕੋਈ ਦਾਗ਼ ਨਹੀਂ ਲੱਗਣ ਦਿੱਤਾ ਅਤੇ ਇਮਾਨਦਾਰੀ ਤੇ ਸਾਫ਼ ਸੁਥਰੇ ਢੰਗ ਨਾਲ਼ ਸਮਾਜ ਵਿੱਚ ਵਿਚਰਿਆ ਹਾਂ ਜਿਸ ਕਾਰਨ ਲੋਕਾਂ ਨੂੰ ਇਹ ਗੱਲ ਪਸੰਦ ਆ ਰਹੀ ਹੈ।
ਉਹਨਾਂ ਆਖਿਆ ਕਿ ਜਿਸਦੇ ਦਿਲ ‘ਚ ਜਮਹੂਰੀਅਤ, ਧਰਮ ਨਿਰਪੱਖਤਾ,ਨਿਆਂ, ਇਨਸਾਫ਼ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਧੜਕਦੀਆਂ ਹਨ,ਉਸ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਓਹ ਕਿਸਾਨ-ਮਜ਼ਦੂਰ,ਲੋਕ ਅਤੇ ਦੇਸ਼ ਵਿਰੋਧੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਕੰਮ ਕਰੇ। ਇਸ ਮੌਕੇ ਸਿਰਫ਼ ਕਾਂਗਰਸ ਹੀ ਅਜਿਹੀ ਇੱਕੋ ਇੱਕ ਪਾਰਟੀ ਹੈ ਜੋ ਦੇਸ਼ ਪੱਧਰ ‘ਤੇ ਮੋਦੀ ਸਰਕਾਰ ਵਿਰੁੱਧ ਸਭ ਤੋਂ ਤਿੱਖੇ ਰੂਪ ‘ਚ ਲੜਾਈ ਲੜ ਕੇ ਉਸਨੂੰ ਹਰਾ ਸਕਦੀ ਹੈ। ਇਸ ਲਈ ਅੱਜ ਲੋੜ ਹੈ ਕਿ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ।