ਚੰਡੀਗੜ੍ਹ, 23 ਮਈ,ਬੋਲੇ ਪੰਜਾਬ ਬਿਓਰੋ;
ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਹੀ ਸ਼ਹਿਰ ਪਟਿਆਲ਼ਾ ਦੇ ਪੋਲੋ ਗਰਾਊਂਡ ਵਿਚ ਹੋਣ ਵਾਲੀ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਪੀਐਮ ਮੋਦੀ ਦੀ ਰੈਲੀ ਦਾ ਸਮਾਂ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤਕ ਹੈ। ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਪ੍ਰਧਾਨ ਮੰਤਰੀ ਲਈ 7 ਫੁੱਟ ਉੱਚਾ ਅਤੇ 60×28 ਫੁੱਟ ਚੌੜਾ ਅਤੇ ਲੰਬਾਈ ਵਾਲਾ ਸਟੇਜ ਤਿਆਰ ਕੀਤਾ ਗਿਆ ਹੈ। ਰੈਲੀ ਦੀ ਤਿਆਰੀ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਮੰਗਲਵਾਰ ਨੂੰ ਇਥੇ ਪੁੱਜੇ ਸਨ। ਇਸ ਤੋਂ ਬਾਅਦ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਥਾਨਕ ਆਗੂਆਂ ਸਮੇਤ ਇਥੇ ਪੁੱਜੇ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਦੀ ਪਟਿਆਲਾ ਰੈਲੀ ਇਤਿਹਾਸਕ ਸਾਬਤ ਹੋਵੇਗੀ।
ਇਸ ਚੋਣ ਰੈਲੀ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਕ ਜਾਣਕਾਰੀ ਅਨੁਸਾਰ ਕਰੀਬ 6 ਹਜ਼ਾਰ ਸੁਰੱਖਿਆ ਬਲ ਪੀਐਮ ਮੋਦੀ ਦੀ ਆਮਦ ਮੌਕੇ ਜ਼ਮੀਨ ਤੋਂ ਹਵਾ ਤਕ ਸੁਰੱਖਿਆ ਦਾ ਜਿੰਮਾ ਸਾਂਭਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ‘ਚ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੇ ਲਈ ਮੌਸਮ ਪਰੂਫ ਟੈਂਟ ਲਗਾਇਆ ਗਿਆ ਹੈ।
ਪਟਿਆਲਾ ਪੁਲਿਸ ਨੇ ਪੋਲੋ ਗਰਾਊਂਡ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਬੈਰੀਕੇਡ ਲਗਾ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿਤੇ ਹਨ।