ਸਨਅਤਕਾਰ ਪੰਜਾਬ ਛੱਡ ਰਹੇ, ਨਸ਼ਾਖੋਰੀ ਵਧ ਰਹੀ ਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਚੰਡੀਗੜ੍ਹ ਪੰਜਾਬ


ਪਟਿਆਲਾ, 23 ਮਈ,ਬੋਲੇ ਪੰਜਾਬ ਬਿਓਰੋ:
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਦੀ ਵੋਟ ਬਰਬਾਦ ਨਹੀਂ ਹੋਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਨੂੰ ਵੋਟ ਦਿਓ ਜਿਸ ਨੇ ਵਿਕਸਤ ਭਾਰਤ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਲਈ ਜ਼ਰੂਰੀ ਹੈ- ਇਕ ਵਾਰ ਫਿਰ ਮੋਦੀ ਸਰਕਾਰ। ਉਨ੍ਹਾਂ ਕਿਹਾ ਕਿ ਜਨਤਾ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਾਸ ਦਾ ਵਾਅਦਾ ਕਰਨ ਵਾਲੇ ਨੂੰ ਵੋਟ ਦਿਓ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2024 ਦੀ ਚੋਣ ਦੇਸ਼ ਨੂੰ ਮਜ਼ਬੂਤ ​​ਕਰਨ ਦੀ ਚੋਣ ਹੈ। ਦੇਸ਼ ‘ਚ ਇੱਕ ਪਾਸੇ ਭਾਜਪਾ ਅਤੇ ਐਨਡੀਏ ਹੈ ਅਤੇ ਦੂਜੇ ਪਾਸੇ ਭ੍ਰਿਸ਼ਟ ਲੋਕਾਂ ਦਾ ਇੰਡੀਆ ਗਠਜੋੜ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੋਦੀ ਹੈ, ਜੋ ਭਾਰਤ ਵਿੱਚ ਲੜਾਕੂ ਜਹਾਜ਼ਾਂ ਤੋਂ ਲੈ ਕੇ ਹਵਾਈ ਜਹਾਜ਼ ਤੱਕ ਸਭ ਕੁਝ ਬਣਾ ਰਿਹਾ ਹੈ। ਦੂਜੇ ਪਾਸੇ ਇੰਡੀਆ ਅਲਾਇੰਸ ਹੈ, ਜਿਸ ਦਾ ਨਾ ਤਾਂ ਕੋਈ ਆਗੂ ਹੈ ਅਤੇ ਨਾ ਹੀ ਕੋਈ ਨੀਤੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਾਡੇ ਪਰਮਾਣੂ ਹਥਿਆਰਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਉਹ ਕਾਗਜ਼ੀ ਮੁੱਖ ਮੰਤਰੀ ਹੈ। ਸ੍ਰੀ ਮੋਦੀ ਨੇ ਰੈਲੀ ਦੌਰਾਨ ਕਿਹਾ ਕਿ ਸਨਅਤਕਾਰ ਪੰਜਾਬ ਛੱਡ ਕੇ ਜਾ ਰਹੇ ਹਨ, ਨਸ਼ਾਖੋਰੀ ਵਧ ਰਹੀ ਹੈ ਅਤੇ ਸੂਬਾ ਸਰਕਾਰ ਕਰਜ਼ੇ ‘ਤੇ ਚੱਲ ਰਹੀ ਹੈ। ਵਿਰੋਧੀ ਇੰਡੀਆ ਗੱਠਜੋੜ ਬਾਰੇ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਇਰਾਦਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਪਾਸੇ ਮੋਦੀ ਸਰਕਾਰ ਹੈ ਜੋ ਅੱਤਵਾਦੀਆਂ ਨੂੰ ਘਰਾਂ ਵਿੱਚ ਵੜ ਕੇ ਮਾਰਨ ਦੀ ਹਿੰਮਤ ਰੱਖਦੀ ਹੈ, ਦੂਜੇ ਪਾਸੇ ਇੰਡੀਆ ਗਠਜੋੜ ਦੇ ਲੋਕ ਹਨ ਜੋ ਅੱਤਵਾਦੀਆਂ ਦਾ ਸਾਹਮਣਾ ਕਰਨ ਵੇਲੇ ਹੰਝੂ ਵਹਾਉਂਦੇ ਹਨ। ਮੋਦੀ ਨੇ ਕਿਹਾ ਕਿ ਮੈਂ ਜਦੋਂ ਵੀ ਪੰਜਾਬ ਆਉਂਦਾ ਹਾਂ ਤਾਂ ਮੇਰਾ ਪੰਜਾਬ ਪ੍ਰਤੀ ਪਿਆਰ ਹੋਰ ਵੱਧ ਜਾਂਦਾ ਹੈ। ਮੈਂ ਪੰਜਾਬ ਵਿੱਚ ਬਹੁਤ ਸਮਾਂ ਗੁਜ਼ਾਰਿਆ ਹੈ।

Leave a Reply

Your email address will not be published. Required fields are marked *