ਬਾਘਾਪੁਰਾਣਾ/ਮੋਗਾ, 23 ਮਈ ,ਬੋਲੇ ਪੰਜਾਬ ਬਿਓਰੋ: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਨਾਮਵਰ ਫ਼ਿਲਮ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਦਾਅਵਾ ਕੀਤਾ ਕਿ ਜਦੋਂ ਫ਼ਰੀਦਕੋਟ ਦੇ ਲੋਕਾਂ ਨੇ ਕਰਮਜੀਤ ਅਨਮੋਲ ਨੂੰ ਚੁਣ ਲਿਆ ਤਾਂ ਕਰਮਜੀਤ ਅਨਮੋਲ ਹੁਣ ਤੱਕ ਦਾ ਸਭ ਤੋਂ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਵੇਗਾ।
ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਦੇ ਹੱਕ ਵਿੱਚ ਬਾਘਾ ਪੁਰਾਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਹੋਏ ਸਨ। ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਇਹਨਾਂ ਚੋਣ ਜਲਸਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਪਿੰਡ ਮਾੜੀ ਮੁਸਤਫ਼ਾ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਕਰਮਜੀਤ ਅਨਮੋਲ ਜਿੰਨਾ ਵਧੀਆ ਕਲਾਕਾਰ ਹੈ। ਉਸ ਤੋਂ ਕਈ ਗੁਣਾ ਵਧੀਆ ਇਨਸਾਨ ਹੈ। ਜਿਸ ਨੂੰ ਜਿੱਥੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਜਨੂਨ ਹੈ। ਉੱਥੇ ਹਰ ਇੱਕ ਲੋੜਵੰਦ ਦੀ ਮਦਦ ਕਰਨ ਦੀ ਰੱਬੀ ਬਖ਼ਸ਼ੀਸ਼ ਵੀ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਪਿਛਲੇ 20-25 ਸਾਲਾਂ ਤੋਂ ਕਰਮਜੀਤ ਅਨਮੋਲ ਨੂੰ ਬਹੁਤ ਨੇੜਿਓ ਜਾਣਦੇ ਹਨ ਅਤੇ ਕਰਮਜੀਤ ਅਨਮੋਲ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਇਨਸਾਨਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ । ਇਸ ਕਰਕੇ ਉਹ ਇਸ ਗੱਲ ਦੀ ਗਰੰਟੀ ਲੈਂਦੇ ਹਨ ਕਿ ਕਰਮਜੀਤ ਅਨਮੋਲ ਅੱਜ ਤੱਕ ਦਾ ਸਭ ਤੋਂ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਵੇਗਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਆਪਸੀ ਸਾਂਝ ਅਤੇ ਭਾਈਚਾਰਾ ਮਜ਼ਬੂਤ ਰੱਖਣ ਲਈ ਅਪੀਲ ਕੀਤੀ ਕਿ ਉਹ ਕਿਸੇ ਵੀ ਸਿਆਸੀ ਲੀਡਰ ਦੇ ਬਹਿਕਾਵੇ ਵਿੱਚ ਆ ਕੇ ਆਪਸੀ ਦੁਸ਼ਮਣੀਆਂ ਨਾ ਪਾਉਣ। ਉਨ੍ਹਾਂ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾਉਣ ਦਾ ਸੰਕਲਪ ਲੈਂਦੇ ਕਿਹਾ ਕਿ ਇਲਾਕੇ ਦੀ ਤਰੱਕੀ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ।