ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਕੌਮੀ ਪੱਧਰ ‘ਤੇ ਮਨਾਈ ਜਾਵੇਗੀ: ਐਡਵੋਕੇਟ ਧਾਮੀ

ਪੰਜਾਬ

ਅੰਮ੍ਰਿਤਸਰ, 22 ਮਈ,ਬੋਲੇ ਪੰਜਾਬ ਬਿਓਰੋ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦੇ ਕੌਮ ਨੂੰ ਕੀਤੇ ਗਏ ਆਦੇਸ਼ ’ਤੇ ਹਰ ਸਿੱਖ ਪਹਿਰਾ ਦੇਵੇ ਅਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਸਿੱਖ ਆਪਣੇ ਸਿਰਾਂ ’ਤੇ ਕਾਲੀਆਂ ਦਸਤਾਰਾਂ ਸਜਾਉਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਦੇ ਕਰੀਬ ਹੋਰ ਗੁਰਦੁਆਰਾ ਸਾਹਿਬਾਨ ’ਤੇ ਸਮੇਂ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਫ਼ੌਜੀ ਹਮਲੇ ਦੇ ਨਿਸ਼ਾਨ ਸਿੱਖ ਮਾਨਸਿਕਤਾ ਵਿੱਚੋਂ ਕਦੇ ਵੀ ਮਿੱਟ ਨਹੀਂ ਸਕਦੇ ਅਤੇ ਹਰ ਸਾਲ ਸਿੱਖ ਕੌਮ ਜੂਨ 1984 ਦੇ ਫ਼ੌਜੀ ਹਮਲੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਨੇ ਪਾਵਨ ਗੁਰਧਾਮਾਂ ’ਤੇ ਹਮਲਾ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਅਤੇ ਦਰਸ਼ਨ ਇਸ਼ਨਾਨ ਕਰਨ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਨੂੰ ਟੈਂਕਾਂ, ਤੋਪਾਂ ਅਤੇ ਗੋਲੀਆਂ ਨਾਲ ਸ਼ਹੀਦ ਕੀਤਾ, ਜੋ ਸਰਕਾਰ ਦੀ ਵਹਿਸ਼ੀਆਨਾ ਕਾਰਵਾਈ ਸੀ। ਸਰਕਾਰ ਵੱਲੋਂ ਮਨੁੱਖਤਾ ਮਾਰੂ ਇਸ ਕਰੂਰ ਕਾਰੇ ਦੀ ਚੀਸ ਸਿੱਖ ਮਨਾਂ ਵਿੱਚੋਂ ਸਦਾ ਉਠਦੀ ਰਹੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ’ਤੇ ਤਤਕਾਲੀ ਹਕੂਮਤ ਵੱਲੋਂ ਇਸ ਜੁਲਮ ਵਿਚ ਸਰਕਾਰੀ ਤੰਤਰ ਦੀ ਦੁਰਵਰਤੋਂ ਲੋਕਤੰਤਰ ਅਤੇ ਭਾਰਤ ਦੇ ਸੰਵਿਧਾਨ ਉੱਤੇ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਇਸ ਘਿਨੌਣੀ ਕਾਰਵਾਈ ਦੀ ਸਰਕਾਰਾਂ ਨੇ ਮੁਆਫ਼ੀ ਤਾਂ ਕੀ ਮੰਗਣੀ ਸੀ, ਸਗੋਂ ਸਿੱਖਾਂ ਨਾਲ ਧੱਕੇ ਦੀ ਦਾਸਤਾਨ ਲਗਾਤਾਰ ਜਾਰੀ ਹੈ। ਅੱਜ ਵੀ ਬੰਦੀ ਸਿੰਘਾਂ ਦੇ ਮਾਮਲੇ ਵਿਚ ਨਿਆਂ ਨਹੀਂ ਕੀਤਾ ਜਾ ਰਿਹਾ। ਤਿੰਨ-ਤਿੰਨ ਦਹਾਕਿਆਂ ਤੋਂ ਵੱਧ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਿੱਖ ਰਿਹਾਅ ਨਹੀਂ ਕੀਤੇ ਜਾ ਰਹੇ, ਜੋ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਹੈ।

ਐਡਵੋਕੇਟ ਧਾਮੀ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਕੌਮ ਨੂੰ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਤੀਜੇ ਘੱਲੂਘਾਰੇ ਦੀ 40ਵੀਂ ਯਾਦ ਨੂੰ ਕੌਮੀ ਜਜ਼ਬੇ ਅਨੁਸਾਰ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ਪੂਰੀ ਸਿੱਖ ਕੌਮ ਸਰਕਾਰੀ ਜੁਲਮਾਂ ਨੂੰ ਯਾਦ ਕਰਦਿਆਂ ਸ਼ਹੀਦੀ ਸਪਤਾਹ ਦਾ ਹਿੱਸਾ ਬਣੇ। ਇਸ ਦੌਰਾਨ 4 ਜੂਨ ਤੋਂ 6 ਜੂਨ ਤੀਕ ਕਾਲੀਆਂ ਦਸਤਾਰਾਂ ਤੇ ਕਾਲੇ ਦੁਪੱਟੇ ਲੈ ਕੇ ਕੌਮੀ ਰੋਸ ਦਾ ਪ੍ਰਗਟਾਵਾ ਕੀਤਾ ਜਾਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਘੱਲੂਘਾਰੇ ਦੀ ਇਸ 40ਵੀਂ ਸਾਲਾਨਾ ਯਾਦ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਹੀਦੀ ਸਮਾਗਮ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅੰਦਰ ਵੀ ਸਮਾਗਮ ਕੀਤੇ ਜਾਣਗੇ ਅਤੇ ਕੌਮ ’ਤੇ ਹੋਏ ਇਨ੍ਹਾਂ ਜੁਲਮਾਂ ਨੂੰ ਯਾਦ ਕੀਤਾ ਜਾਵੇਗਾ।

Leave a Reply

Your email address will not be published. Required fields are marked *