ਚੰਡੀਗੜ, 21 ਮਈ, ਬੋਲੇ ਪੰਜਾਬ ਬਿਉਰੋ:
ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟੀਸ ਸੰਦੀਪ ਮੋਦਗਿਲ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਜਿਲਾ ਤੇ ਸੈਸ਼ਨ ਜੱਜ ਦੇ ਫੈਸਲੇ ਖਿਲਾਫ਼ ਪਟੀਸ਼ਨ ਸਵੀਕਾਰ ਕਰਦੇ ਹੋਏ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤਾ ਹੈ।
ਹਾਈਕੋਰਟ ਵਿਚ ਹਰਜਿੰਦਰ ਸਿੰਘ ਉਰਫ ਜਿੰਦਾ ਨੇ ਗੁਰਦਾਸ ਮਾਨ ਦੇ ਖਿਲਾਫ ਦਾਇਰ ਪਟੀਸ਼ਨ ਵਿਚ ਕਿਹਾ ਕਿ ਉਨ੍ਹਾਂ ਨੇ ਨਕੋਦਰ ਵਿਖੇ ਲਾਡੀ ਸ਼ਾਹ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦਾ ਵੰਸਜ਼ ਦੱਸਿਆ ਸੀ। ਲਾਡੀ ਸ਼ਾਹ ਦੀ ਤੁਲਨਾ ਗੁਰੂ ਜੀ ਨਾਲ ਕਰਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ। ਪਟੀਸ਼ਨਰ ਅਨੁਸਾਰ ਇਹ ਜੱਗ ਜਾਹਿਰ ਹੈ ਕਿ ਲਾਡ਼ੀ ਸ਼ਾਹ ਬਿਨਾਂ ਕੱਪੜਿਆ ਤੋਂ ਰਹਿੰਦੇ ਸਨ ਅਤੇ ਸਭ ਦੇ ਸਾਹਮਣੇ ਤੰਬਾਕੂ, ਸਿਗਰਟ ਪੀਂਦੇ ਸਨ। ਜਦਕਿ ਸਿੱਖ ਧਰਮ ਵਿਚ ਅਜਿਹਾ ਨਹੀਂ ਹੈ। ਗੁਰਦਾਸ ਮਾਨ ਨੇ ਅਜਿਹੇ ਵਿਅਕਤੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਕੇ ਸਿੱਖ ਧਰਮ ਅਤੇ ਗੁਰੂ ਜੀ ਦਾ ਨਿਰਾਦਰ ਕੀਤਾ ਹੈ। ਗੁਰਦਾਸ ਮਾਨ ਨੇ ਲਾਡੀ ਸ਼ਾਹ ਦੀ ਉਪਮਾ ਕਰਦੇ ਹੋਏ ਆਨੰਦ ਸਾਹਿਬ ਦੇ ਪਾਠ ਦਾ ਸਲੋਕ ਵੀ ਪੜਿਆ। ਉਨਾਂ ਕਿਹਾ ਕਿ ਗੁਰਦਾਸ ਮਾਨ ਨੇ ਇਹ ਸਭ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਸ਼ੇਅਰ ਕੀਤਾ ਸੀ ਪਰ ਵਿਰੋਧ ਹੋਣ ਬਾਅਦ ਉਨਾਂ ਇਸ ਘਟਨਾਂ ‘ਤੇ ਪਸਚਾਤਾਪ ਵੀ ਕੀਤਾ।
ਪਟੀਸ਼ਨਰ ਨੇ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਕਿਹਾ ਕਿ ਜਿਲਾ ਅਦਾਲਤ ਨੇ ਸਾਬੂਤਾਂ ਨੂੰ ਨਜ਼ਰ ਅੰਦਾਜ਼ ਕੀਤਾ। ਇੱਥੋ ਤਕ ਐਫ.ਆਈ.ਆਰ ਰੱਦ ਕਰਨ ਬਾਰੇ ਦਾਇਰ ਕੀਤੀ ਪੁਨਰਵਿਚਾਰ ਅਰਜ਼ੀ ਨੂੰ ਵੀ ਖਾਰਜ਼ ਕਰ ਦਿੱਤਾ। ਜਦਕਿ ਉਨਾਂ ਕੋਲ ਪੁਖਤਾ ਸਾਬੂਤ ਹਨ। ਪਟੀਸ਼ਨਰ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਅਗਲੀ ਸੁਣਵਾਈ 13 ਜੂਨ ਨੂੰ ਨਿਸ਼ਚਿਤ ਕੀਤੀ ਹੈ।