ਆਪਣੇ ਹਲਕੇ ਤੇ ਸੂਬੇ ਦੀਆਂ ਸਮਸਿਆਵਾਂ ਨੂੰ ਸਦਨ ਵਿਚ ਉਠਾਉਣ ਤੇ ਹੱਲ ਕਰਾਉਣ ਲਈ ਮੈਂ ਦਿਨ ਰਾਤ ਕੰਮ ਕਰਾਂਗਾ – ਜੀਤ ਮਹਿੰਦਰ ਸਿੰਘ ਸਿੱਧੂ

ਪੰਜਾਬ

ਲਿਬਰੇਸ਼ਨ ਵਲੋਂ ਚੋਣ ਰੈਲੀ – ਸਿੱਧੂ ਦੇ ਪੱਖ ਵਿਚ ਮੁਹਿੰਮ ਚਲਾਉਣ ਦਾ ਐਲਾਨ

ਮਾਨਸਾ, 22 ਮਈ ,ਬੋਲੇ ਪੰਜਾਬ ਬਿਓਰੋ:
ਫਿਰਕੂ ਫਾਸਿਸਟ ਮੋਦੀ ਜੁੰਡਲੀ ਅਤੇ ਉਸ ਦੇ ਭਾਈਵਾਲਾਂ ਨੂੰ ਹਰਾਉਣ ਅਤੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਦੇ ਇਕ ਹਿੱਸੇਦਾਰ ਵਜੋਂ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬੱਝਵੀਂ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ।
ਅੱਜ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਪਾਰਟੀ ਵਲੋਂ ਕਾਮਰੇਡ ਨਛੱਤਰ ਸਿੰਘ ਖੀਵਾ, ਗੁਰਨਾਮ ਸਿੰਘ ਭੀਖੀ, ਸ਼ਿੰਦਰ ਕੌਰ ਕਣਕਵਾਲ, ਹਾਕਮ ਸਿੰਘ ਖਿਆਲਾ, ਜੀਤ ਸਿੰਘ ਬੋਹਾ, ਵਿਜੇ ਕੁਮਾਰ ਭੀਖੀ ਤੇ ਸੁਰਿੰਦਰ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਚੋਣ ਮੀਟਿੰਗ ਨੂੰ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਜਿਲਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ, ਜਸਬੀਰ ਕੌਰ ਨੱਤ ਸਮੇਤ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ। ਇਸ ਮੌਕੇ ਲਿਬਰੇਸ਼ਨ ਦੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਨੱਤ, ਕਾਂਗਰਸ ਦੇ ਜ਼ਿਲਾ ਪ੍ਰਧਾਨ ਮਾਈਕਲ ਗਾਗੋਵਾਲ ਤੇ ਕਰਮ ਸਿੰਘ ਚੌਹਾਨ ਵੀ ਹਾਜ਼ਰ ਸਨ।

ਕਾਮਰੇਡ ਰਾਣਾ ਨੇ ਕਿਹਾ ਕਿ ਬੇਸ਼ਕ ਲਿਬਰੇਸ਼ਨ ਅਨੇਕਾਂ ਮੁੱਦਿਆਂ ਬਾਰੇ ਕਾਂਗਰਸ ਤੋਂ ਵੱਖਰੇ ਵਿਚਾਰ ਰੱਖਦੀ ਹੈ, ਪਰ ਇਹ ਫਾਸੀਵਾਦੀ ਤਾਕਤਾਂ ਨੂੰ ਸਤਾ ਤੋਂ ਬਾਹਰ ਕਰਨ ਲਈ ਪੰਜਾਬ ਵਿਚ ਕਾਂਗਰਸੀ ਉਮੀਦਵਾਰਾਂ ਦੇ ਪੱਖ ਵਿਚ ਪੂਰੀ ਤਾਕਤ ਨਾਲ ਮੁਹਿੰਮ ਚਲਾ ਰਹੀ ਹੈ। ਅਸੀਂ ਕਾਂਗਰਸ ਤੋਂ ਉਮੀਦ ਰੱਖਾਂਗੇ ਕਿ ਸਤਾ ਵਿਚ ਆਉਣ ‘ਤੇ ਉਹ ਆਪਣੇ ਚੋਣ ਮੈਨੀਫੈਸਟੋ ਵਿਚਲੇ ਮੁੱਦਿਆਂ – ਖਾਸ ਕਰ ਮਜ਼ਦੂਰਾਂ ਕਿਸਾਨਾਂ, ਔਰਤਾਂ ਤੇ ਬੇਰੁਜ਼ਗਾਰਾਂ ਨਾਲ ਕੀਤੇ ਵਾਦਿਆਂ ਉਤੇ ਪੂਰੀ ਗੰਭੀਰਤਾ ਨਾਲ ਅਮਲ ਕਰੇਗੀ।

ਉਨਾਂ ਕਿਹਾ ਕਿ ਉਮੀਦਵਾਰ ਨੂੰ ਪੰਜਾਬ ਦੇ ਭੱਖਵੇਂ ਸੁਆਲਾਂ ‘ਤੇ ਸਟੈਂਡ ਲੈਣ ਦੇ ਨਾਲ ਨਾਲ ਹਲਕਾ ਬਠਿੰਡਾ ਵਿਚ ਐਗਰੋ ਇੰਡਸਟਰੀ ਦੇ ਢੁੱਕਵੇਂ ਵਿਕਾਸ, ਉਚ ਪੱਧਰੇ ਮੈਡੀਕਲ ਕਾਲਜ- ਹਸਪਤਾਲ, ਸਪੋਰਟਸ ਕੰਪਲੈਕਸ ਖੁਲਵਾਉਣ ਅਤੇ ਸ਼ਹਿਰਾਂ ਦੇ ਵਾਟਰ ਸਪਲਾਈ ਤੇ ਸੀਵਰੇਜ ਸਿਸਟਮ ਦੇ ਵਿਕਾਸ ਲਈ ਪਹਿਲ ਦੇਣੀ ਚਾਹੀਦੀ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਜਿਥੇ ਕਾਂਗਰਸ ਨੂੰ ਡੱਟ ਕੇ ਹਿਮਾਇਤ ਦੇਣ ਲਈ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਧੰਨਵਾਦ ਕੀਤਾ, ਉਥੇ ਕਿਹਾ ਕਿ ਮੈਂ ਕਾਮਰੇਡਾਂ ਤੇ ਵੋਟਰਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਅਮਲੀ ਰੂਪ ਦਿਵਾਉਣ ਅਤੇ ਆਪਣੇ ਹਲਕੇ ਤੇ ਸੂਬੇ ਦੀਆਂ ਸਮਸਿਆਵਾਂ ਨੂੰ ਸਦਨ ਵਿਚ ਉਠਾਉਣ ਤੇ ਹੱਲ ਕਰਾਉਣ ਲਈ ਦਿਨ ਰਾਤ ਕੰਮ ਕਰਾਂਗਾ।

Leave a Reply

Your email address will not be published. Required fields are marked *