ਅਖਬਾਰਾਂ ਵਿੱਚ ਇਸ਼ਤਿਹਾਰ ਤੇ ਰੂਪ ਵਿੱਚ ਛਾਪੀਆਂ ਗਈਆਂ ਖਬਰਾਂ ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਹਨ ਆਉਂਦੀਆਂ-ਚੋਣ ਕਮਿਸ਼ਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 21 ਮਈ , ਬੋਲੇ ਪੰਜਾਬ ਬਿਉਰੋ
ਅਖਬਾਰਾਂ ਵਿੱਚ ਇਸ਼ਤਿਹਾਰ ਤੇ ਰੂਪ ਵਿੱਚ ਛਾਪੀਆਂ ਗਈਆਂ ਖਬਰਾਂ ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਜਿਸ ਦੀ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਕੀਤੀ ਗਈ ਵਿਆਖਿਆ ਨੂੰ ਮੰਨਦੇ ਹੋਏ ਚੋਣ ਕਮਿਸ਼ਨ ਨੇ ਇਸ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਪਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ-49 ਦੇ ਰਿਟਰਨਿੰਗ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜਿਨ੍ਹਾਂ ਅਖਬਾਰਾਂ ਵਿੱਚ ਕੁਝ ਚੁਣੀਂਦੇ ਉਮੀਦਵਾਰਾਂ ਦੀਆਂ ਗਿਣੀ-ਮਿੱਥੀ ਥਾਂ ਦੇ ਕੇ ਉਹਨਾਂ ਦੀ ਪ੍ਰਮੋਸ਼ਨ ਕੀਤੀ ਜਾਵੇਗੀ ਤਾਂ ਉਸਨੂੰ ਪੇਡ ਨਿਊਜ਼ ਮੰਨਿਆ ਜਾਵੇਗਾ ।
ਉਹਨਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਦਾ ਉਸ ਅਖ਼ਬਾਰ ਦੇ ਇਸ਼ਤਿਹਾਰ ਦੇ (ਡੀ.ਏ.ਵੀ.ਪੀ) ਰੇਟ ਅਨੁਸਾਰ ਖ਼ਰਚਾ ਬੁੱਕ ਕਰਕੇ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ । ਸਮੂਹ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦੇ ਨੁਮਾਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਉਹਨਾਂ ਕਿਹਾ ਕਿ ਅਜਿਹੀਆਂ ਖਬਰਾਂ ਛਾਪਣ ਤੋਂ ਗੁਰੇਜ ਕੀਤਾ ਜਾਵੇ । ਉਹਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਮੀਡੀਆ ਹਾਊਸ ਅਤੇ ਸੰਸਦ ਭਵਨ ਵਿੱਚ ਸਾਂਸਦਾ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਸਖਤੀ ਵਰਤਣ ਲਈ ਇਲੈਕਸ਼ਨ ਕਮਿਸ਼ਨ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ ।
ਇਸ ਸਬੰਧੀ ਇਲੈਕਸ਼ਨ ਕਮਿਸ਼ਨ ਨੇ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ 1951 ਵਿੱਚ ਤਰਮੀਮ ਕਰਕੇ ਦੋ ਸਾਲ ਦੀ ਸਜ਼ਾ ਦੇ ਪ੍ਰਾਵਧਾਨ ਦੀ ਤਜਵੀਜ ਵੀ ਰੱਖੀ ਹੈ। ਉਹਨਾਂ ਦੱਸਿਆ ਕਿ ਅਖਬਾਰਾਂ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਵਿੱਚ ਨਸ਼ਰ ਹੋ ਰਹੀਆਂ ਖ਼ਬਰਾਂ ਦੀ ਲਗਾਤਾਰ ਨਜ਼ਰਸਾਨੀ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸਨ ਐਂਡ ਮੋਨੀਟਰਿੰਗ ਕਮੇਟੀ) ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਪੇਡ ਨਿਊਜ਼ ਅਤੇ ਮਾਡਲ ਕੋਡ ਆਫ ਕੰਡਕਟ ਦੀ ਉਲੰਘਨਾ ਕਰਨ ਵਾਲੀਆਂ ਖਬਰਾਂ ਸਬੰਧੀ ਉਮੀਦਵਾਰ ਨੂੰ ਆਰ.ਓ. ਰਾਹੀਂ ਸਮੇਂ ਸਮੇਂ ਤੇ ਨੋਟਿਸ ਜਾਰੀ ਕਰਨ ਲਈ ਪਾਬੰਧ ਹੈ ।
ਜ਼ਿਲਾ ਪੱਧਰੀ ਐਮ.ਸੀ.ਐਮ.ਸੀ ਦੇ ਪੇਡ ਨਿਊਜ਼ ਸਬੰਧੀ ਲਏ ਫ਼ੈਸਲੇ ਖਿਲਾਫ ਉਮੀਦਵਾਰ 48 ਘੰਟੇ ਵਿੱਚ ਸਟੇਟ ਲੈਵਲ ਐਮ.ਸੀ.ਐਮ.ਸੀ ਵਿਖੇ ਅਪੀਲ ਕਰ ਸਕਦਾ ਹੈ ਅਤੇ ਸਟੇਟ ਲੈਵਲ ਐਮ.ਸੀ.ਐਮ.ਸੀ ਖਿਲਾਫ ਮੁੱਖ ਚੋਣ ਕਮਿਸ਼ਨ ਤੱਕ ਜਾ ਸਕਦਾ ਹੈ, ਜਿਸ ਦਾ ਫੈਸਲਾ ਅੰਤਿਮ ਹੋਵੇਗਾ ।
ਉਹਨਾਂ ਇਹ ਵੀ ਦੱਸਿਆ ਕਿ ਇੱਕੋ ਅਖਬਾਰ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਇੱਕੋ ਅਕਾਰ ਵਿੱਚ ਛਪੀਆਂ ਖਬਰਾਂ ਜਿਸ ਵਿੱਚ ਉਮੀਦਵਾਰ ਦੀ ਉਸਤਤ (ਵਡਿਆਈ) ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਦੋਨੋਂ ਉਮੀਦਵਾਰਾਂ ਨੂੰ ਸਾਰੀ ਜਨਤਾ (ਹਰ ਵਰਗ) ਦਾ ਸਮਰਥਨ ਪ੍ਰਾਪਤ ਹੈ ਅਤੇ ਇਹ ਉਮੀਦਵਾਰ ਜਿੱਤ ਦਰਜ ਕਰ ਸਕਦਾ ਹੈ, ਵੀ ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਆਉਂਦੀ ਹੈ । ਜਿਨਾਂ ਖਬਰਾਂ ਦੀ ਸੁਰਖੀ ਵਿੱਚ ਲਿਖਿਆ ਗਿਆ ਹੋਏ ਕਿ ਇੱਕ ਉਮੀਦਵਾਰ ਨੂੰ ਸਾਰੀ ਜਨਤਾ ਦਾ ਸਮਰਥਨ ਪ੍ਰਾਪਤ ਹੈ ਵੀ ਪੇਡ ਨਿਊਜ਼ ਹੈ। ਕਿਸੇ ਛੋਟੇ ਰਾਜਨੀਤਿਕ ਪ੍ਰੋਗਰਾਮ ਦੀ ਵਧਾ ਚੜਾ ਕੇ ਕੀਤੀ ਗਈ ਲਗਾਤਾਰ ਕਵਰੇਜ ਵੀ ਪੇਡ ਨਿਊਜ਼ ਹੈ ।

Leave a Reply

Your email address will not be published. Required fields are marked *