ਨਵੀਂ ਦਿੱਲੀ, 21 ਮਈ, ਬੋਲੇ ਪੰਜਾਬ ਬਿਓਰੋ:
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਤਿੰਨ ਨਵੇਂ ਅਪਰਾਧਕ ਕਾਨੂੰਨਾਂ ਦੀ ਵਾਜ਼ਬੀਅਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਅਜੇ ਤਾਂ ਨਵੇਂ ਕਾਨੂੰਨ ਲਾਗੂ ਵੀ ਨਹੀਂ ਹੋਏ ਹਨ। ਕੋਰਟ ਦਾ ਨਕਾਰਾਤਮਕ ਰੁਖ਼ ਦੇਖਦੇ ਹੋਏ ਪਟੀਸ਼ਨਰਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਵਕੀਲ ਵਿਸ਼ਾਲ ਤਿਵਾੜੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਤਿੰਨ ਨਵੇਂ, ਅਪਰਾਧਕ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਸੀ। ਨਾਲ ਹੀ ਕਾਨੂੰਨਾਂ ’ਤੇ ਰੋਕ ਲਾਉਣ ਦੀ ਵੀ ਮੰਗ ਕੀਤੀ ਸੀ।
ਤਿਵਾੜੀ ਦੀ ਪਟੀਸ਼ਨ ਸੋਮਵਾਰ ਨੂੰ ਜਸਟਿਸ ਬੇਲਾ ਐੱਮ ਤ੍ਰਿਵੇਦੀ ਤੇ ਪੰਕਜ ਮਿੱਤਲ ਦੇ ਛੁੱਟੀਆਂ ਵਾਲੇ ਬੈਂਚ ਵਿਚ ਸੁਣਵਾਈ ਲਈ ਲੱਗੀ ਸੀ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਸਬੰਧੀ ਦਿਲਚਸਪੀ ਨਹੀਂ ਦਿਖਾਈ। ਬੈਂਚ ਨੇ ਕਿਹਾ ਕਿ ਅਜੇ ਤਾਂ ਕਾਨੂੰਨ ਲਾਗੂ ਵੀ ਨਹੀਂ ਹੋਏ ਹਨ। ਉਹ ਪਟੀਸ਼ਨ ਖ਼ਾਰਜ ਕਰ ਰਹੀ ਹੈ। ਪਟੀਸ਼ਨ ’ਤੇ ਟਿੱਪਣੀ ਕਰਦੇ ਹੋਏ ਬੈਂਚ ਨੇ ਕਿਹਾ ਕਿ ਇਹ ਬਹੁਤ ਹੀ ਹਲਕੇ ਤਰੀਕੇ ਨਾਲ ਦਾਖ਼ਲ ਕੀਤੀ ਗਈ ਹੈ। ਜਦ ਵਿਸ਼ਾਲ ਤਿਵਾੜੀ ਨੇ ਪਟੀਸ਼ਨ ’ਤੇ ਬਹਿਸ ਕਰਨੀ ਚਾਹੀ ਤਾਂ ਬੈਂਚ ਨੇ ਕਿਹਾ ਕਿ ਜੇ ਉਹ ਮਾਮਲੇ ’ਤੇ ਬਹਿਸ ਕਰਨਗੇ ਤਾਂ ਪਟੀਸ਼ਨ ਜੁਰਮਾਨੇ ਸਮੇਤ ਖ਼ਾਰਜ ਕੀਤੀ ਜਾਵੇਗੀ। ਬੈਂਚ ਦਾ ਨਕਾਰਾਤਮਕ ਰੁਖ਼ ਦੇਖਦੇ ਹੋਏ ਤਿਵਾੜੀ ਨੇ ਕੋਰਟ ਤੋਂ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਤਿਵਾੜੀ ਨੇ ਪਟੀਸ਼ਨ ਵਾਪਸ ਲੈ ਲਈ।