ਜਲੰਧਰ, 21 ਮਈ,ਬੋਲੇ ਪੰਜਾਬ ਬਿਓਰੋ:
ਜਲੰਧਰ ਦੇ ਭੋਗਪੁਰ ਕਸਬਾ ਕਾਲਾ ਬੱਕਰਾ ਨੇੜੇ ਜੱਲੋਵਾਲ ਰੇਲਵੇ ਕਰਾਸਿੰਗ ‘ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਇਕ ਟਰੈਕਟਰ ਸਵਾਰ ਨੌਜਵਾਨ ਆਪਣਾ ਟਰੈਕਟਰ ਲੈ ਕੇ ਰੇਲਵੇ ਪਟੜੀ ‘ਤੇ ਚੜ੍ਹ ਗਿਆ। ਜਦੋਂ ਉਹ ਪਟੜੀ ‘ਤੇ ਚੜ੍ਹਿਆ ਤਾਂ ਟਰੇਨ ਦੇ ਨੇੜੇ ਆਉਣ ਦਾ ਸਮਾਂ ਹੋ ਗਿਆ ਸੀ।
ਖੁਸ਼ਕਿਸਮਤੀ ਰਹੀ ਕਿ ਗੇਟਮੈਨ ਦੀ ਸਿਆਣਪ ਕਾਰਨ ਰੇਲਗੱਡੀ ਜਲਦੀ ਰੁਕ ਗਈ ਅਤੇ ਵੱਡਾ ਹਾਦਸਾ ਹੋਣੋਂ ਬਚ ਗਿਆ। ਇਸ ਸਾਰੀ ਘਟਨਾ ਦੇ ਵੀਡੀਓ ਵੀ ਸਾਹਮਣੇ ਆਏ ਹਨ। ਜਿਸ ਵਿੱਚ ਉਕਤ ਵਿਅਕਤੀ ਟਰੈਕਟਰ ਲੈ ਕੇ ਪਟੜੀ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਰੇਲਵੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਗੇਟਮੈਨ ਨੇ ਖੁਦ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਸੀ। ਤਾਂ ਜੋ ਉਹ ਅਧਿਕਾਰੀਆਂ ਨੂੰ ਸਬੂਤ ਦੇ ਸਕੇ। ਵਾਇਰਲ ਹੋ ਰਿਹਾ ਵੀਡੀਓ ਕਰੀਬ ਤਿੰਨ ਸੈਕਿੰਡ ਦਾ ਹੈ। ਜਿਸ ਵਿੱਚ ਉਕਤ ਵਿਅਕਤੀ ਰੇਲਵੇ ਟਰੈਕ ‘ਤੇ ਟਰੈਕਟਰ ਸਮੇਤ ਖੜ੍ਹਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਜਦੋਂ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗਾ ਤਾਂ ਮਾਮਲਾ ਅਧਿਕਾਰੀਆਂ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਦੇ ਆਧਾਰ ‘ਤੇ ਇਸ ਮਾਮਲੇ ‘ਚ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।