ਗੁਰਦਾਸਪੁਰ, 21 ਮਈ,ਬੋਲੇ ਪੰਜਾਬ ਬਿਓਰੋ:
ਅੰਮ੍ਰਿਤਸਰ-ਪਠਾਨਕੋਟ ਰੋਡ ‘ਤੇ ਸਥਿਤ ਬਬਰੀ ਹਾਈਟੈਕ ਚ ਨਾਕੇ ‘ਤੇ ਗੋਲ਼ੀ ਚੱਲੀ ਹੈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ‘ਤੇ ਆਏ ਇੱਕ ਨੌਜਵਾਨ ਵੱਲੋਂ ਨਾਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਇੱਕ ਏਐਸਆਈ ‘ਤੇ ਗੋਲੀਆਂ ਚਲਾਈਆਂ ਗਈਆਂ। ਏਐਸਆਈ ਬਾਲ ਬਾਲ ਬਚ ਗਿਆ। ਨਾਕੇ ‘ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਦਾ ਮੋਟਰਸਾਈਕਲ ਵੀ ਪੁਲਿਸ ਨੇ ਕਾਬੂ ਵਿੱਚ ਲੈ ਲਿਆ।ਸੂਚਨਾ ਮਿਲਣ ‘ਤੇ ਡੀਐਸਪੀ ਮੋਹਨ ਸਿੰਘ ਅਤੇ ਥਾਨਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਵੀ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮੋਟਰਸਾਈਕਲ ‘ਤੇ ਕਾਹਨੂੰਵਾਨ ਬਾਈਪਾਸ ਵੱਲੋਂ ਬਹੁਤ ਤੇਜ਼ੀ ਨਾਲ ਆ ਰਿਹਾ ਸੀ ਅਤੇ ਕੁਝ ਨੌਜਵਾਨ ਉਸਦਾ ਪਿੱਛਾ ਵੀ ਕਰ ਰਹੇ ਸਨ। ਬੱਬਰੀ ਬਾਈਪਾਸ ‘ਤੇ ਆਕੇ ਉਸ ਦਾ ਮੋਟਰਸਾਈਕਲ ਫਿਸਲ ਗਿਆ ਅਤੇ ਉਹ ਡਿੱਗ ਗਿਆ ਤਾਂ ਨਾਕੇ ਤੇ ਮੌਜੂਦ ਇੱਕ ਏਐਸਆਈ ਵੱਲੋਂ ਉਸ ਨੂੰ ਚੁੱਕਣ ਦੀ ਕੋਸ਼ਸ਼ ਕੀਤੀ ਗਈ ਪਰ ਉਹ ਖੇਤਾਂ ਵੱਲ ਨੂੰ ਦੌੜ ਗਿਆ। ਉਸ ਨੂੰ ਦੌੜਦਾ ਵੇਖ ਨਾਕੇ ਤੇ ਮੌਜੂਦ ਇੱਕ ਹੋਰ ਏਐਸਆਈ ਸਤਵਿੰਦਰ ਭੱਟੀ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ। ਏਐਸਆਈ ਨੂੰ ਪਿੱਛੇ ਆਉਂਦਾ ਦੇਖ ਕੇ ਨੌਜਵਾਨ ਵੱਲੋਂ ਆਪਣੇ ਪਿਸਟਲ ਨਾਲ ਹਵਾਈ ਫਾਇਰ ਕੀਤਾ ਗਿਆ ਪਰ ਏਐਸਆਈ ਨੇ ਪਿੱਛਾ ਕਰਨਾ ਨਹੀਂ ਛੱਡਿਆ ਤਾਂ ਉਸ ਵੱਲੋਂ ਦੋ ਸਿੱਧੇ ਸਿੱਧੇ ਫਾਇਰ ਵੀ ਕੀਤੇ ਗਏ।ਬਾਵਜੂਦ ਇਸਦੇ ਉਸ ਨੌਜਵਾਨ ਨੂੰ ਏਐਸਆਈ ਸਤਵਿੰਦਰ ਭੱਟੀ ਵੱਲੋਂ ਪੁਲਿਸ ਕਰਮੀਆਂ ਦੀ ਸਹਾਇਤਾ ਨਾਲ ਕਾਬੂ ਵਿੱਚ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਇਸ ਦੌਰਾਨ ਪਿੱਛੋਂ ਕਾਰਾਂ‘ਤੇ ਕੁਝ ਹੋਰ ਨੌਜਵਾਨ ਆ ਗਏ ਅਤੇ ਗੋਲੀ ਚਲਾਉਣ ਵਾਲੇ ਨੌਜਵਾਨ ਕੋਲੋਂ ਪਿਸਟਲ ਖੋ ਕੇ ਮੌਕੇ ਤੋਂ ਫਰਾਰ ਹੋ ਗਏ।ਉਦੋਂ ਤੱਕ ਥਾਣਾ ਸਦਰ ਦੀ ਪੁਲੀਸ ਦੇ ਹੋਰ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਪਿੱਛਾ ਕਰਕੇ ਮੁੱਖ ਮੁਲਜ਼ਮ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਅਤੇ ਕਾਰਵਾਈ ਲਈ ਥਾਣਾ ਸਦਰ ਲੈ ਗਏ।
ਇਸ ਸਬੰਧੀ ਜਦੋਂ ਡੀਐਸਪੀ ਸਿਟੀ ਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ‘ਚ ਹੋਰ ਗ੍ਰਿਫ਼ਤਾਰੀਆਂ ਅਤੇ ਵੱਡੇ ਖ਼ੁਲਾਸੇ ਹੋਣ ਦੀ ਵੀ ਉਮੀਦ ਹੈ।