ਫਿਰੋਜ਼ਪੁਰ 21 ਮਈ, ਬੋਲੇ ਪੰਜਾਬ ਬਿਉਰੋ: ਰਾਣਾ ਗੁਰਮੀਤ ਸਿੰਘ ਸੋਢੀ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ।
ਇਸ ਦੌਰਾਨ ਜਦ ਉਹ ਪਿੰਡ ਮਰਾੜ੍ਹ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ ਤਾਂ ਕਿਸਾਨਾਂ ਨੇ ਚੱਕਾ ਜਾਮ ਕਰਕੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਰਾਣਾ ਸੋਢੀ ਦੇ ਕਾਫਲੇ ਨੂੰ ਪਿੰਡ ਮਰਾੜ੍ਹ ਵਿਚ ਨਹੀਂ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਮੀਟਿੰਗ ਕੀਤੇ ਹੀ ਵਾਪਸ ਜਾਣਾ ਪਿਆ। ਰਾਣਾ ਗੁਰਮੀਤ ਸਿੰਘ ਸੋਢੀ ਅੱਜ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਪਹੁੰਚੇ।
ਇਸ ਦੌਰਾਨ ਉਨ੍ਹਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿੱਥੇ ਮੰਡੀ ਬਰੀਵਾਲਾ ਵਿੱਚ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ, ਉੱਥੇ ਹੀ ਬਰੀਵਾਲਾ ਤੋਂ ਪਿੰਡ ਮਰਾੜ੍ਹ ਜਾ ਰਹੇ ਰਾਣਾ ਸੋਢੀ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਲਿੰਕ ਰੋਡ ਜਾਮ ਕਰਕੇ ਹੀ ਰੋਕ ਲਿਆ।
ਰਾਣਾ ਸੋਢੀ ਪਿੰਡ ਮਰਾੜ੍ਹ ਦੇ ਬਾਹਰੋਂ ਹੀ ਕਾਫ਼ਲੇ ਸਮੇਤ ਮੁੜ ਗਏ ਤੇ ਉਨ੍ਹਾਂ ਨੂੰ ਪਿੰਡ ਮਰਾੜ੍ਹ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਨਹੀਂ ਕਰਨ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਝਬੇਲਵਾਲੀ ਵਿੱਚ ਵੀ ਕਿਸਾਨਾਂ ਨੇ ਰਾਣਾ ਸੋਢੀ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਕੁਝ ਕਿਸਾਨ ਅਤੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ।
ਕਾਬਿਲੇਗੌਰ ਹੈ ਕਿ ਭਾਜਪਾ ਦਾ ਲੋਕ ਸਭਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੰਸ ਰਾਜ ਹੰਸ ਦਾ ਕਿਸਾਨ ਆਗੂ ਕਾਫੀ ਵਿਰੋਧ ਕਰ ਰਹੇ ਹਨ। ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਧੱਕਾਮੁੱਕੀ ਵਿੱਚ ਇੱਕ ਕਿਸਾਨ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਭਾਜਪਾ ਦੇ ਬਾਕੀ ਉਮੀਦਵਾਰਾਂ ਦਾ ਵੀ ਕਿਸਾਨ ਕਾਫੀ ਵਿਰੋਧ ਕਰ ਰਹੇ ਹਨ।