ਲੁਧਿਆਣਾ, 20 ਮਈ, ਬੋਲੇ ਪੰਜਾਬ ਬਿਓਰੋ:
ਥਾਣਾ ਡਿਵੀਜ਼ਨ ਨੰਬਰ 6 ਅਧੀਨ ਪੈਂਦੀ ਪੁਲੀਸ ਚੌਕੀ ਸ਼ੇਰਪੁਰ ਦੀ ਟੀਮ ਨੇ ਡਾਬਾ ਇਲਾਕੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਰਾਹਗੀਰਾਂ ਨੂੰ ਲੁੱਟਣ ਵਾਲੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਖੋਹੇ ਗਏ 6 ਮੋਬਾਈਲ ਫੋਨ, 2 ਡਾਟਾ ਕਾਰਡ ਅਤੇ ਇੱਕ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਇੰਦਰ, ਰਾਮ ਕੋਹਲੀ ਅਤੇ ਸ਼ੇਰ ਸਿੰਘ ਵਜੋਂ ਕੀਤੀ ਹੈ।
ਚੌਕੀ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ‘ਚ ਗਸ਼ਤ ਦੌਰਾਨ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਰਾਤ ਸਮੇਂ ਇਲਾਕੇ ‘ਚ ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਮੋਬਾਇਲ ਫੋਨ ਅਤੇ ਨਕਦੀ ਖੋਹ ਲੈਂਦੇ ਹਨ।ਇਸ ਸਮੇਂ ਵੀ ਮੁਲਜ਼ਮ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਰਮਲ ਪੈਲੇਸ ਤੋਂ ਡਾਬਾ ਕੱਟ ਵੱਲ ਜਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਨਸ਼ੇ ਕਰਨ ਦੇ ਆਦੀ ਹਨ ਅਤੇ ਨਸ਼ੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੁਰਮ ਕਰਨ ਤੋਂ ਬਾਅਦ ਖੋਹਿਆ ਸਾਮਾਨ ਵੇਚ ਕੇ ਮਿਲੇ ਪੈਸਿਆਂ ਨਾਲ ਨਸ਼ਾ ਖਰੀਦਦੇ ਹਨ। ਮੁਲਜ਼ਮਾਂ ਕੋਲੋਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਬਰਾਮਦ ਹੋਏ ਮੋਟਰਸਾਈਕਲ ਬਾਰੇ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ ਮੁਲਜ਼ਮਾਂ ਵੱਲੋਂ ਖਰੀਦਿਆ ਗਿਆ ਸੀ ਜਾਂ ਚੋਰੀ ਦਾ ਹੈ।