ਬਰਨਾਲਾ 19 ਮਈ,ਬੋਲੇ ਪੰਜਾਬ ਬਿਓਰੋ: ਬੀਤੇ ਦਿਨਾਂ ਤੋਂ ਸਮੁੱਚੇ ਪੰਜਾਬ ਵਿੱਚ, ਐੱਸਕੇਐੱਮ ਦੇ ਸੱਦੇ ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ ਦੇ ਤਹਿਤ ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸਾਨਾਂ-ਮਜ਼ਦੂਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਕੱਲ੍ਹ ਲੁਧਿਆਣਾ ਲੋਕ ਸਭਾ ਹਲਕੇ ਤੋਂ ਤਾਜ਼ਾ ਭਾਜਪਾਈ ਬਣਿਆ ਰਵਨੀਤ ਸਿੰਘ ਬਿੱਟੂ ਦਾ ਪਿੰਡਾਂ ‘ਚ ਆਉਣ ਤੇ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਜਗਰਾਂਓ ਗਊਸ਼ਾਲਾ ਵਿਖੇ ਇੱਕ ਸਮਾਗਮ ਦੌਰਾਨ ਬਿੱਟੂ ਵੱਲੋਂ ਕਿਸਾਨਾਂ ਖਿਲਾਫ਼ ਸਿਰੇ ਦੀ ਜ਼ਹਿਰ ਉਗਲਣ ਨੇ ਭਾਜਪਾ ਦਾ ਕਿਸਾਨ ਵਿਰੋਧੀ ਅਸਲ ਚਿਹਰਾ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੰਸ ਰਾਜ ਹੰਸ ਦੀਆਂ ਛਿੱਤਰ ਮਾਰਨ ਦੀਆਂ ਧਮਕੀਆਂ ਤੋਂ ਬਾਦ ਹੁਣ ਰਵਨੀਤ ਬਿੱਟੂ ਵੀ ਉਸੇ ਰਾਹ ਤੁਰ ਪਿਆ ਹੈ। 4 ਤਰੀਖ ਤੋਂ ਬਾਅਦ ਇਨ੍ਹਾਂ ਨੂੰ ਮੈਂ ਕੱਲੇ ਕੱਲੇ ਨੂੰ ਦੇਖ ਲਊਂਗਾ। ਮੈਂ ਸਾਰਿਆਂ ਦੀ ਵੀਡੀਓ ਬਣਾ ਰਿਹਾ ਹਾਂ। ਇਹ ਸਭ ਨਕਲੀ ਕਿਸਾਨ ਹਨ, ਪੰਜ ਪੰਜ ਸੌ ਰੁਪਏ ਲੈ ਕੇ ਇਹ ਵਿਰੋਧ ਕਰ ਰਹੇ ਹਨ, ਇਨ੍ਹਾਂ ਹੀ ਕਿਸਾਨਾਂ ਨੇ ਫਿਰੋਜ਼ਪੁਰ ‘ਚ ਮੋਦੀ ਨੂੰ ਬੋਲਣ ਤੋਂ ਰੋਕ ਦਿੱਤਾ ਸੀ। ਇਨ੍ਹਾਂ ਨੂੰ ਡਿਬਰੂਗੜ ਭੇਜਾਂਗੇ। ਅਜਿਹੀਆਂ ਧਮਕੀਆਂ ਦੇ ਕੇ ਅਸਲ ‘ਚ ਬਿੱਟੂ ਅਤੇ ਹੰਸ ਰਾਜ ਹੰਸ ਵਰਗੇ ਭਾਜਪਾ ਸੱਤਾ ਦੇ ਨਸ਼ੇ ‘ਚ ਓਹੀ ਕੁੱਝ ਕਰ ਰਹੇ ਹਨ ਜੋ ਉਨ੍ਹਾਂ ਦਾ ਆਕਾ ਦਸ ਸਾਲ ਤੋਂ ਹਰ ਵਿਰੋਧੀ ਅਵਾਜ਼ ਨੂੰ ਕੁਚਲ ਕੇ ਕਰਦਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਕਿਹਾ ਕਿ ਪੰਜ ਪੰਜ ਸੌ ਲੈਣ ਵਾਲੇ ਤੇਰਾਂ ਮਹੀਨੇ ਦਿੱਲੀ ਦੇ ਬਾਰਡਰਾਂ ਤੇ ਸਾਢੇ ਸੱਤ ਸੌ ਸ਼ਹੀਦੀਆਂ ਨਹੀਂ ਦਿੰਦੇ ਹੁੰਦੇ। ਪੰਜ ਪੰਜ ਸੌ ਲੈ ਕੇ ਕਾਲੇ ਝੰਡੇ ਦਿਖਾਉਣ ਵਾਲਿਆਂ ਨੇ ਹੀ ਸਾਮਰਾਜੀ ਕਾਰਪੋਰੇਟਾਂ ਦੇ ਏਜੰਟ ਦੀ ਬੂਥ ਲਵਾ ਕੇ ਤਿੰਨ ਖੇਤੀ ਕਨੂੰਨ ਰੱਦ ਕਰਵਾਏ ਸਨ। ਇਹੀ ਆਕਾ ਸੀ ਜਿਹੜਾ ਕਿਸਾਨ ਰੋਹ ਤੋ ਡਰਦਾ ਫਿਰੋਜ਼ਪੁਰ ਜਾਂਦਾ ਰਾਹ ‘ਚੋਂ ਹੀ ਪੱਤਰੇ ਵਾਚ ਗਿਆ ਸੀ। ਇਹੀ ਬਿੱਟੂ, ਹਰਜੀਤ ਗਰੇਵਾਲ ਨੂੰ ਕਹਿੰਦਾ ਸੀ ਕਿ “ਮੈਂ ਭਾਜਪਾ ਵਾਲਿਆਂ ਦੇ ਛਿੱਤਰ ਵੀ ਨਹੀਂ ਮਾਰਦਾ।”
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ ‘ਚ ਥਾਂ ਪੁਰ ਥਾਂ ਭਾਜਪਾ ਉਮੀਦਵਾਰਾਂ ਦਾ ਤਿੱਖਾ ਹੋ ਰਿਹਾ ਵਿਰੋਧ ਇਸ ਕਾਰਨ ਹੈ ਕਿ ਦਿੱਲੀ ਵੱਲ ਆਪਣੀਆਂ ਮੰਗਾਂ ਮਨਵਾਉਣ ਜਾ ਰਹੇ ਕਿਸਾਨਾਂ ਨੂੰ ਭਾਜਪਾ ਸਰਕਾਰ ਨੇ ਸੜ੍ਹਕਾਂ ਤੇ ਕਿੱਲਾਂ ਗੱਡ, ਡਰੋਨਾਂ ਰਾਹੀਂ ਮਣਾਂ ਮੂੰਹੀਂ ਅੱਥਰੂ ਗੈਸ ਦੇ ਗੋਲੇ ਵਰ੍ਹਾ ਕੇ ਦੋ ਵਾਰ ਰੋਕ ਕੇ ਅਪਣੇ ਕਿਸਾਨ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ। ਸਾਢੇ ਸੱਤ ਸੌ ਕਿਸਾਨਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਪੰਜਾਬੀ ਲੋਕ ਬਰਦਾਸ਼ਤ ਨਹੀ ਕਰਨਗੇ। ਕਿਸਾਨਾਂ-ਮਜਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਮੋਦੀ ਸਰਕਾਰ ਪੰਜਾਬ ਦੇ ਪਿੰਡਾਂ ‘ਚ ਵੜਣ ਦਾ ਇਖ਼ਲਾਕੀ ਹੱਕ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧ ਦੀ ਪਰਵਾਹ ਨਾ ਕਰਨ ਵਾਲੇ ਅੰਬਾਨੀ-ਅਡਾਨੀ ਅਤੇ ਕਾਰਪੋਰੇਟਾਂ ਦੇ ਏਜੰਟਾਂ ਦੀ ਖਸਲਤ ਹੁਣ ਲੋਕਾਂ ਨੇ ਪਛਾਣ ਲਈ ਹੈ। ਲੋਕਾਂ ਨੇ ਇਹ ਵੀ ਪਹਿਚਾਣ ਕਰ ਲਈ ਹੈ ਕਿ ਭਾਜਪਾ ਸੰਵਿਧਾਨ ਰਾਹੀਂ ਹਾਸਲ ਲੰਗੜੀ-ਲੂਲ੍ਹੀ ਜਮਹੂਰੀਅਤ ਨੂੰ ਖ਼ਤਮ ਕਰਕੇ ਦੇਸ਼ ‘ਚ ਇੱਕ ਧਰਮ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਪੰਜਾਬ ਤੇ ਦੇਸ਼ ਦੇ ਲੋਕ ਭਾਜਪਾ ਨੂੰ ਹਰਾਉਣਗੇ, ਕਾਰਪੋਰੇਟ ਨੂੰ ਭਜਾਉਣਗੇ ਅਤੇ ਦੇਸ਼ ਨੂੰ ਬਚਾਉਣਗੇ। ਭਾਜਪਾ ਦੇ ਜਰਖ੍ਰੀਦ ਉਮੀਦਵਾਰੋ, ਤੁਸੀਂ ਅਸਲੀਅਤ ਤੋਂ ਕੋਹਾਂ ਦੂਰ ਪੂਰੇ ਪੰਜਾਬ ‘ਚ ਗੇੜੀਆਂ ਕੱਢਕੇ ਅਪਣਾ ਸਮਾਂ ਹੀ ਟਪਾ ਰਹੇ ਹੋ ਤੇ ਲੋਕਾਂ ਨੂੰ ਬੁੱਧੂ ਸਮਝ ਰਹੇ ਹੋ।
ਸੂਬਾਈ ਆਗੂਆਂ ਅੰਗਰੇਜ਼ ਸਿੰਘ ਭਦੌੜ, ਕੁਲਵੰਤ ਸਿੰਘ ਕਿਸ਼ਨਗੜ੍ਹ, ਔਰਤ ਆਗੂ ਅੰਮ੍ਰਿਤ ਪਾਲ ਕੌਰ ਨੇ ਕਿਹਾ ਕਿ ਇਤਿਹਾਸਕ ਕਿਸਾਨ ਦੌਰਾਨ ਵੀ ਕੰਗਨਾ ਰਣੌਤ ਜਿਹੀਆਂ ਫ਼ਿਲਮੀ ਅਦਾਕਾਰਾ ਨੇ ਵੀ ਸੰਘਰਸ਼ ਦੀਆਂ ਵੀਰਾਂਗਣਾਂ ਨੂੰ ਪੰਜ-ਪੰਜ ਸੌ ਰੁਪਏ ਦਿਹਾੜੀ ਲੈਕੇ ਸ਼ਾਮਿਲ ਹੋਣ ਵਾਲੀਆਂ ਆਖਕੇ ਬਦਨਾਮ ਦਾ ਕੋਝਾ ਯਤਨ ਕੀਤਾ ਸੀ। ਹੁਣ ਕਿਸਾਨ ਔਰਤਾਂ ਦੀ ਸ਼ਮੂਲੀਅਤ ਵਾਲੇ ਜੁਝਾਰੂ ਕਾਫ਼ਲਿਆਂ ਵੱਲੋਂ ਕੀਤਾ ਜਾ ਜ਼ਬਰਦਸਤ ਵਿਰੋਧ, ਅਤੇ ਪੁੱਛੇ ਜਾ ਰਹੇ ਸਵਾਲਾਂ ਨੇ ਇਨ੍ਹਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਲੋਕ ਇਨ੍ਹਾਂ ਕੁਬੋਲਾਂ ਦਾ ਜਵਾਬ ਆਪਣੇ ਹੱਕੀ ਸੰਘਰਸ਼ਾਂ ਦੀ ਲੋਅ ਨੂੰ ਹੋਰ ਵਧੇਰੇ ਪ੍ਰਚੰਡ ਕਰਕੇ ਜ਼ਰੂਰ ਦੇਣਗੇ। ਆਗੂਆਂ ਨੇ ਕਿਹਾ ਕਿ 21 ਮਈ ਦੀ ਜਗਰਾਓਂ ਦਾਣਾ ਮੰਡੀ ਵਿਖੇ ਹੋ ਰਹੀ ਕਿਸਾਨ-ਮਜਦੂਰ ਮਹਾਂਪੰਚਾਇਤ ‘ਚ ਇਨ੍ਹਾਂ ਧਮਕੀਆਂ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ।