ਸੁਖਬੀਰ ਬਾਦਲ ‘ਤੇ ਹਮਲਾ- ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ ਉਸ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

ਚੰਡੀਗੜ੍ਹ ਪੰਜਾਬ

ਮੁੱਖ ਮੰਤਰੀ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ

ਫ਼ਰੀਦਕੋਟ 19 ਮਈ,ਬੋਲੇ ਪੰਜਾਬ ਬਿਓਰੋ:-ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਮਸ਼ਹੂਰ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜੈਤੋ ਅਤੇ ਮੋਗਾ ਵਿੱਚ ਕਰਮਜੀਤ ਅਨਮੋਲ ਨਾਲ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਫ਼ਰੀਦਕੋਟ ਦੇ ਲੋਕਾਂ ਨੂੰ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ।ਰੋਡ ਸ਼ੋਅ ਵਿੱਚ ਆਏ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਦੂਜੀਆਂ ਪਾਰਟੀਆਂ ‘ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਮੇਰੇ ‘ਤੇ ਹਰ ਰੋਜ਼ ਪਿਆਰ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ, ਜਦਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਲੋਕ ਆਪਣੀ ਉਂਗਲਾਂ ਗਿਣਦੇ ਹਨ ਕਿ ਸਭ ਕੁਝ ਸੁਰੱਖਿਅਤ ਹੈ ਜਾਂ ਨਹੀਂ।ਕਰਮਜੀਤ ਅਨਮੋਲ ਨਾਲ ਆਪਣੇ ਰਿਸ਼ਤੇ ‘ਤੇ ਮਾਨ ਨੇ ਕਿਹਾ ਕਿ ਕਰਮਜੀਤ ਮੇਰਾ ਛੋਟਾ ਭਰਾ ਅਤੇ ਬਚਪਨ ਦਾ ਦੋਸਤ ਹੈ। ਅਸੀਂ ਦੋਵੇਂ ਇਕੱਠੇ ਪੜ੍ਹਦੇ ਸੀ। ਮਿਲ ਕੇ ਕਲਾਕਾਰੀ ਵਿੱਚ ਅੱਗੇ ਵਧੇ। ਆਪਣੇ ਅਦਾਕਾਰੀ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਅਸੀਂ ਦੋਵੇਂ ਛੋਟੇ-ਛੋਟੇ ਸਕੂਲਾਂ ਵਿੱਚ ਇਕੱਠੇ ਨਾਟਕ ਕਰਦੇ ਸੀ, ਜਿਸ ਨਾਲ ਸਾਨੂੰ ਹੌਸਲਾ ਮਿਲਦਾ ਸੀ ਅਤੇ ਸਾਨੂੰ ਕੁਝ ਪੈਸੇ ਵੀ ਮਿਲਦੇ ਸੀ। ਉਨ੍ਹਾਂ ਕਿਹਾ ਕਿ ਕਰਮਜੀਤ ਜੋ ਕਿ ਬਹੁਤ ਹੀ ਗ਼ਰੀਬ ਪਰਿਵਾਰ ਵਿੱਚੋਂ ਹੈ, ਆਪਣੀ ਮਿਹਨਤ ਅਤੇ ਲਗਨ ਸਦਕਾ ਇੱਥੇ ਪੁੱਜਿਆ ਹੈ। ਉਸ ਨੂੰ ਜਿਤਾਓ, ਉਹ ਤੁਹਾਡੇ ਦੁੱਖ-ਦਰਦ ਨੂੰ ਸਮਝੇਗਾ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਏਗਾ।ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਵੋਟਾਂ ਨਹੀਂ ਮੰਗਦੇ। ਅਸੀਂ ਆਪਣੀ ਸਰਕਾਰ ਦੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਾਂ। ਅਸੀਂ ਪਿਛਲੇ ਦੋ ਸਾਲਾਂ ਵਿੱਚ 43, 000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। 830 ਮੁਹੱਲਾ ਕਲੀਨਿਕ ਖੋਲ੍ਹੇ ਅਤੇ ਸਕੂਲ ਆਫ਼ ਐਮਿਨੈਂਸ ਬਣਾਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਲੋੜੀਂਦੀ ਬਿਜਲੀ ਦਿੱਤੀ ਗਈ ਅਤੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਗਈ। ਇਸ ਵਾਰ ਕਿਸਾਨਾਂ ਨੂੰ ਜਨਰੇਟਰਾਂ ਲਈ ਡੀਜ਼ਲ ਖਰੀਦਣ ਦੀ ਲੋੜ ਨਹੀਂ ਪਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਮੈਂ ਜਿੱਥੇ ਵੀ ਪ੍ਰਚਾਰ ਕਰਨ ਜਾਂਦਾ ਹਾਂ, ਲੋਕ ਆਪ ਹੀ ਕਹਿੰਦੇ ਹਨ ਕਿ ਜੋ ਕੰਮ 75 ਸਾਲਾਂ ਵਿੱਚ ਨਹੀਂ ਹੋਏ, ਉਹ ਕੰਮ ਸਾਡੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਕਰ ਦਿੱਤੇ ਹਨ। ਇਸ ਲਈ ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ।  ਫਿਰ ਰਲ ਕੇ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਵਾਂਗੇ।ਉਨ੍ਹਾਂ ਕਿਹਾ ਕਿ ਐਨਾ ਕੰਮ ਸਿਰਫ਼ ਦੋ ਸਾਲਾਂ ਵਿੱਚ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਸਾਡੇ ਇਰਾਦੇ ਨੇਕ ਅਤੇ ਸਾਫ਼ ਸਨ। ਕੋਈ ਵੀ ਮੇਰੇ ‘ਤੇ ਇਕ ਰੁਪਏ ਦਾ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲਗਾ ਸਕਦਾ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਾਹ ਛੱਡ ਦਿੱਤਾ ਹੈ, ਪਰ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਮੈਂ ਉਨ੍ਹਾਂ ਨੂੰ ਨਹੀਂ ਛੱਡਾਂਗਾ।  ਉਨ੍ਹਾਂ ਕਿਹਾ ਕਿ ਮੈਨੂੰ ਬੱਸਾਂ, ਕਾਰੋਬਾਰ ਅਤੇ ਹੋਟਲਾਂ ਵਿੱਚ ਹਿੱਸਾ ਲੈਣ ਦੀ ਲੋੜ ਨਹੀਂ ਹੈ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ।ਪੰਜਾਬ ਸਰਕਾਰ ਦੀ ਘਰ-ਘਰ ਰਾਸ਼ਨ ਸਕੀਮ ਬਾਰੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੇ ਇਹ ਅਫ਼ਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ਼ ਆਟਾ ਹੀ ਦਿੱਤਾ ਜਾਵੇਗਾ, ਅਜਿਹਾ ਨਹੀਂ ਹੈ, ਇਹ ਝੂਠ ਹੈ। ਲੋਕਾਂ ਕੋਲ ਦੋਵੇਂ ਵਿਕਲਪ ਹਨ। ਤੁਸੀਂ ਆਟਾ ਜਾਂ ਕਣਕ ਵਿਚੋਂ ਕੁੱਝ ਵੀ ਲੈ ਸਕਦੇ ਹੋ ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏ.ਸੀ. ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਨਿਕਲਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਉਨ੍ਹਾਂ ਨੇ ਆਪਣੀ ਜੀਪ ਉੱਤੇ ਛੱਤ ਪਾਈ ਹੋਈ ਹੈ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ?

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਦਿਲਚਸਪੀ ਸਿਰਫ਼ ਸੱਤਾ ਤੇ ਦੌਲਤ ਇਕੱਠੀ ਕਰਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਅਤੇ ਪਹਾੜਾਂ ਵਿੱਚ ਆਪਣੇ ਐਸ਼ੋ-ਆਰਾਮ ਲਈ ਆਲੀਸ਼ਾਨ ਘਰ ਬਣਵਾਏ ਹਨ। ਮਾਨ ਨੇ ਕਿਹਾ ਕਿ ਸੁਖ-ਵਿਲਾਸ ਦੇ ਹਰ ਲਗਜ਼ਰੀ ਕਮਰੇ ਦੇ ਨਾਲ ਇੱਕ ਪ੍ਰਾਈਵੇਟ ਪੂਲ ਹੈ। ਮਾਨ ਨੇ ਕਿਹਾ ਕਿ ਉਹ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੁਡਵਾ ਕੇ ਸਕੂਲ ਵਿਚ ਤਬਦੀਲ ਕਰ ਦੇਣਗੇ। ਇਹ ਦੇਸ਼ ਦਾ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਲਾਸ-ਰੂਮ ਦੇ ਨਾਲ ਪੂਲ ਹੋਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੈਤੋ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੈਤੋ ਦੇ ਮੋਰਚੇ ਦੌਰਾਨ ਕਿਸਨੇ ਖੂਹ ਵਿੱਚ ਜ਼ਹਿਰ ਪਾਇਆ ਸੀ।

ਭਗਵੰਤ ਮਾਨ ਨੇ ਸੁਖਪਾਲ ਖਹਿਰਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਖਹਿਰਾ ਕਹਿੰਦੇ ਹਨ ਕਿ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ‘ਤੇ ਪਾਬੰਦੀ ਹੋਣੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਸਾਡੇ ਗੁਰੂਆਂ ਨੇ ਸਾਨੂੰ ਦੂਜਿਆਂ ਦਾ ਪੇਟ ਭਰਨਾ ਸਿਖਾਇਆ ਹੈ। ਪੰਜਾਬ ਕਣਕ-ਝੋਨੇ ਦੀ ਪੈਦਾਵਾਰ ਕਰਕੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਇਸ ਵਾਰ ਪੰਜਾਬ ਵਿਚ 130 ਲੱਖ ਮੀਟਰਿਕ ਟਨ ਕਣਕ ਪੈਦਾ ਹੋਈ ਹੈ ਅਤੇ ਆਉਣ ਵਾਲੇ ਅਕਤੂਬਰ ਮਹੀਨੇ ਤੱਕ ਦੇਸ਼ ਨੂੰ 220 ਲੱਖ ਮੀਟਰਿਕ ਟਨ ਚੌਲ ਪੈਦਾ ਕਰਕੇ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਹੋਰ ਦੇਸ਼ਾਂ ਵਿਚ ਵੀ ਆਪਣੇ ਪੰਜਾਬੀ ਲੋਕ ਜਾਂਦੇ ਹਨ ਅਤੇ ਉੱਥੇ ਤਰੱਕੀ ਕਰ ਰਹੇ ਹਨ। ਇਸ ਲਈ ਖਹਿਰਾ ਨੂੰ ਸੌੜੀ ਮਾਨਸਿਕਤਾ ਨਹੀਂ ਰੱਖਣੀ ਚਾਹੀਦੀ ਹੈ। 

ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸੇਵਾ ਕਰ ਰਹੇ ਹਨ, ਮੈਂ ਉਸੇ ਤਰ੍ਹਾਂ ਫ਼ਰੀਦਕੋਟ ਦੇ ਲੋਕਾਂ ਲਈ ਕੰਮ ਕਰਾਂਗਾ-ਕਰਮਜੀਤ ਅਨਮੋਲ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰੋਡ ਸ਼ੋਅ ‘ਚ ਆਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਨ, ਉਸੇ ਤਰ੍ਹਾਂ ਹੀ ਕਰਾਂਗਾ ਫ਼ਰੀਦਕੋਟ ਦੇ ਵਿਕਾਸ ਲਈ ਕੰਮ ਕਰਾਂਗਾ। ਮੈਂ ਇਸ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਵਾਂਗਾ ਅਤੇ ਉਨ੍ਹਾਂ ਦਾ ਹੱਲ ਕਰਾਂਗਾ।

Leave a Reply

Your email address will not be published. Required fields are marked *