ਡੀਟੀਐਫ ਦੀ ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮਸਲੇ ਹੱਲ ਹੋਣ ਦਾ ਮਿਲਿਆ ਭਰੋਸਾ

Uncategorized

ਡੀਟੀਐੱਫ ਨੂੰ ਮਿਲੇ ਭਰੋਸੇ ਉਪਰੰਤ ਸੰਘਰਸ਼ ਮੁਲਤਵੀ ਕਰਨ ਦਾ ਫੈਸਲਾ

ਮੋਹਾਲੀ, 19 ਮਈ, ਬੋਲੇ ਪੰਜਾਬ ਬਿਓਰੋ :
ਡੀਟੀਐਫ ਵੱਲੋਂ ਬੀਤੇ ਕਈ ਦਿਨਾਂ ਤੋਂ ਅਧਿਆਪਕਾਂ ਦੀਆਂ ਵਿਭਾਗੀ ਮੰਗਾਂ ਹੱਲ ਨਾ ਹੋਣ ਦੇ ਵਿਰੋਧ ਵਜੋਂ ਕੀਤੇ ਜਾ ਰਹੇ ਅਰਥੀ ਫੂਕ ਪ੍ਰਦਰਸ਼ਨਾਂ ਅਤੇ ਮੁੱਖ ਮੰਤਰੀ ਵੱਲ ਭੇਜੇ ਜਾ ਰਹੇ ‘ਵਿਰੋਧ ਪੱਤਰਾਂ’ ਅਤੇ 19 ਮਈ ਨੂੰ ਆਨੰਦਪੁਰ ਸਾਹਿਬ ਵਿਖੇ ਐਲਾਨੇ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਬੀਤੇ ਕੱਲ੍ਹ ਵਿੱਦਿਆ ਭਵਨ ਮੋਹਾਲੀ ਵਿਖੇ ਸਿੱਖਿਆ ਮੰਤਰੀ ਦੇ ਓਐੱਸਡੀ ਸ੍ਰੀ ਗੁਲਸ਼ਨ ਛਾਬੜਾ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨਾਲ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਅਤੇ ਜਸਵਿੰਦਰ ਔਜਲਾ, ਡੀਟੀਐੱਫ ਫਤਹਿਗੜ੍ਹ ਸਾਹਿਬ ਦੇ ਜਿਲ੍ਹਾ ਸਕੱਤਰ ਜੋਸ਼ੀਲ ਤਿਵਾੜੀ, ਸਾਥੀ ਨਰਿੰਦਰ ਭੰਡਾਰੀ ਅਤੇ ਡਾ. ਰਵਿੰਦਰ ਕੰਬੋਜ਼ ਅਧਾਰਿਤ ਵਫ਼ਦ ਵੱਲੋਂ ਮੀਟਿੰਗ ਕੀਤੀ ਗਈ। ਜਿਸ ਦੌਰਾਨ ਜਥੇਬੰਦੀ ਵੱਲੋਂ ਮਾਰਚ ਮਹੀਨੇ ਵਿੱਚ ਸਿੱਖਿਆ ਮੰਤਰੀ ਨਾਲ ਹੋਈ ਪੈਨਲ ਮੀਟਿੰਗ ਉਪਰੰਤ ਲੰਬਾ ਸਮਾਂ ਬੀਤਣ ਦੇ ਬਾਵਜੂਦ ਅੱਗੇ ਕੋਈ ਕਾਰਵਾਈ ਨਾ ਹੋਣ ‘ਤੇ ਜਥੇਬੰਦੀ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ।ਜੱਥੇਬੰਦੀ ਨੂੰ ਸਿੱਖਿਆ ਅਧਿਕਾਰੀ ਨੇ 11 ਸਾਲ ਤੋਂ ਰੈਗੂਲਰ ਆਰਡਰ ਦੀ ਉਡੀਕ ਕਰ ਰਹੇ ਅਧਿਆਪਕ ਡਾ. ਰਵਿੰਦਰ ਕੰਬੋਜ ਦੇ ਰੋਕੇ ਰੈਗੂਲਰ ਆਰਡਰ ਅਤੇ 13 ਸਾਲ ਤੋਂ ਪੂਰੀ ਤਨਖ਼ਾਹ ‘ਤੇ ਪੱਕੇ ਹੋਣ ਦੀ ਉਡੀਕ ਕਰ ਰਹੇ ਅਧਿਆਪਕ ਨਰਿੰਦਰ ਭੰਡਾਰੀ ਦੇ ਸੇਵਾਵਾਂ ਦੀ ਕਨਫਰਮੇਸ਼ਨ ਦੇ ਪੈਂਡਿੰਗ ਆਰਡਰ ਮਈ ਮਹੀਨੇ ਦੇ ਵਿੱਚ-ਵਿੱਚ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੀ ਬੀਪੀਈਓ ਜਖਵਾਲੀ (ਫਤਹਿਗੜ੍ਹ ਸਾਹਿਬ) ਖਿਲਾਫ ਕਾਰਵਾਈ ਕਰਨ ਵਿੱਚ ਢਿੱਲਮੱਠ ਨੂੰ ਅਧਿਕਾਰੀਆਂ ਵੱਲੋਂ ਵਿਭਾਗ ਦੀ ਗ਼ਲਤੀ ਨੂੰ ਸਵਿਕਾਰ ਕੀਤਾ ਗਿਆ ਅਤੇ ਸ਼ਿਕਾਇਤ ਕਰਤਾ ਵੱਲੋਂ ਸਬੂਤ ਵਜੋਂ ਸੌਂਪੀ ਆਡੀਓ ਕਲਿਪ ਅਤੇ ਹੋਰਨਾਂ ਸਬੂਤਾਂ ਦੇ ਅਧਾਰ ‘ਤੇ ਜਲਦ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਤੋਂ ਇਲਾਵਾ ਬਾਕੀ 14 ਮਾਰਚ 2024 ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਦੀ ਰੋਸ਼ਨੀ ਵਿੱਚ ਬਾਕੀ ਵਿਭਾਗੀ ਮਾਮਲਿਆਂ (ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਤੇ ਨਾਨ ਟੀਚਿੰਗ ਦੀਆਂ ਪੈਂਡਿੰਗ ਤਰੱਕੀਆਂ, ਸੀਨਿਆਰਤਾ ਸੂਚੀਆਂ, ਕੰਪਿਊਟਰ ਅਧਿਆਪਕਾਂ ਅਤੇ ਕੱਚੇ ਅਧਿਆਪਕਾਂ ਦੇ ਵਿਭਾਗੀ ਮਾਮਲੇ, 3442/7654/5178 ਭਰਤੀਆਂ ਦੇ ਪੈਂਡਿੰਗ ਰੈਗੂਲਰ ਆਰਡਰ, 7654 ਭਰਤੀ ਚੋਂ ਰਹਿੰਦੇ 14 ਹਿੰਦੀ ਮਾਸਟਰ ਦੇ ਰੈਗੂਲਰ ਆਰਡਰ, 31-10-2023 ਤੱਕ 10 ਸਾਲ ਪੂਰੇ ਕਰ ਚੁੱਕੇ ਸਿੱਖਿਆ ਵਲੰਟਰੀਆਂ ਨੂੰ ਐਸੋਸ਼ੀਏਟ ਟੀਚਰਜ਼ ਵਜੋਂ ਆਰਡਰ ਜਾਰੀ ਕਰਨ, 5178 ਅਤੇ 3442 ਭਰਤੀਆਂ ਸੰਬੰਧੀ ਹੋਏ ਅਦਾਲਤੀ ਫੈਸਲੇ ਲਾਗੂ ਕਰਨ, 3704, 4161, 3582 ਭਰਤੀਆਂ ਨੂੰ ਟ੍ਰੇਨਿੰਗ ਸਮੇਂ ਸਹਿਤ ਸਾਰੇ ਲਾਭ ਦੇਣ, ਪੈਂਡਿੰਗ ਭਰਤੀਆਂ ਪੂਰੀਆਂ ਕਰਨ, ਠੇਕਾ ਅਧਾਰਿਤ ਸਮੇਂ ਨੂੰ ਅਚਨਚੇਤ ਛੁੱਟੀਆਂ ਦੇ ਵਾਧੇ ਲਈ ਯੋਗ ਮੰਨਣ, ਸਿੱਧੀ ਭਰਤੀ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਉਚੇਰੀ ਜਿੰਮੇਵਾਰੀ ਇੰਨਕਰੀਮੈਂਟ ਦੇਣ ਆਦਿ) ਨੂੰ ਲੈ ਕੇ ਲੋਕ ਸਭਾ ਚੋਣਾਂ ਦਾ ਜਾਬਤਾ ਖ਼ਤਮ ਹੋਣ ਤੋਂ ਬਾਅਦ 10 ਤੋਂ 15 ਜੂਨ ਦਰਮਿਆਨ ਡੀਟੀਐੱਫ ਦੀ ਸੂਬਾ ਕਮੇਟੀ ਨਾਲ ਸਿੱਖਿਆ ਅਧਿਕਾਰੀਆਂ ਦੇ ਪੱਧਰ ਦੀ ਪੈਨਲ ਮੀਟਿੰਗ ਰਾਹੀਂ ਸਾਰੇ ਮਸਲੇ ਵਿਚਾਰ ਕੇ ਵਾਜਿਬ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ।ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਇਸ ਉਪਰੰਤ ਦੇਰ ਸ਼ਾਮ ਆਨ ਲਾਇਨ ਮੀਟਿੰਗ ਕਰਦਿਆਂ ਅਧਿਕਾਰੀਆਂ ਨਾਲ ਹੋਈ ਗੱਲਬਾਤ ਅਤੇ ਮਿਲੇ ਭਰੋਸੇ ਦੇ ਮੱਦੇਨਜ਼ਰ ਵਿਭਾਗੀ ਮੰਗਾਂ ਸੰਬੰਧੀ ਵਿੱਢੇ ਸੰਘਰਸ਼ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ।

Leave a Reply

Your email address will not be published. Required fields are marked *