ਗਿੱਦੜਬਾਹਾ, 18 ਮਈ,ਬੋਲੇ ਪੰਜਾਬ ਬਿਓਰੋ:
ਗਿੱਦੜਬਾਹਾ ਸਥਿਤ ਡੇਰਾ ਸਿੱਧ ਬਾਬਾ ਗੰਗਾ ਰਾਮ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਸਿਲੰਡਰ ਫਟਣ ਕਾਰਨ ਡੇਰੇ ਦੇ ਸੱਤ ਸੇਵਾਦਾਰ ਝੁਲਸ ਗਏ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਪੰਜਾਂ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਬਾਬਾ ਜੀ ਦੀ 93ਵੀਂ ਬਰਸੀ ਹਰ ਸਾਲ 23 ਮਈ ਨੂੰ ਡੇਰਾ ਬਾਬਾ ਗੰਗਾ ਰਾਮ ਵਿਖੇ ਮਨਾਈ ਜਾਂਦੀ ਹੈ। ਡੇਰੇ ਵਿੱਚ ਸ਼੍ਰੀ ਮਦਭਾਗਵਤ ਕਥਾ ਇੱਕ ਹਫ਼ਤਾ ਪਹਿਲਾਂ 16 ਮਈ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਡੇਰੇ ਵਿੱਚ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ।
ਅੱਜ ਸ਼ਨੀਵਾਰ ਦੁਪਹਿਰ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਸਿਲੰਡਰ ‘ਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਸਿਲੰਡਰ ਫਟ ਗਿਆ। ਇਸ ਕਾਰਨ ਅੱਗ ਹੋਰ ਤੇਜ਼ੀ ਨਾਲ ਭੜਕ ਗਈ। ਅੱਗ ਦੀ ਲਪੇਟ ਵਿੱਚ ਆ ਕੇ ਡੇਰੇ ਦੇ ਸੱਤ ਸੇਵਾਦਾਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਹੋਰ ਸੇਵਾਦਾਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ।