ਸੰਗਰੂਰ/ਚੰਡੀਗੜ੍ਹ, 18 ਮਈ,ਬੋਲੇ ਪੰਜਾਬ ਬਿਓਰੋ:ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਪਿਛਲੇ ਸਮੇਂ ਤੋਂ 17 ਜੁਲਾਈ 2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਸਮੂਹ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਵਾਉਣ ਸੰਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਪਿਛਲੇ ਦਿਨੀਂ ਵਿੱਤ ਮੰਤਰੀ ਚੀਮਾ ਦੇ ਹਲਕੇ ਦਿੜਬਾ ਤੋਂ ਸਾਂਝੇ ਫਰੰਟ ਵੱਲੋਂ ਪੰਜਾਬ ਪੇਅ ਸਕੇਲ ਨਹੀ ਤਾਂ ਵੋਟ ਨਹੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਇਸ ਮੁਹਿੰਮ ਤਹਿਤ 17 ਜੁਲਾਈ 2020 ਤੋਂ ਬਾਅਦ ਅਧੂਰੇ ਕੇਂਦਰੀ ਪੇਅ ਸਕੇਲਾਂ ਤੇ ਭਰਤੀ ਪੰਜਾਬ ਦੇ ਸਾਰੇ ਮੁਲਾਜ਼ਮ ਆਪਣੇ ਘਰਾਂ ਦੇ ਬਾਹਰ “ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ” ਦਾ ਪੋਸਟਰ ਲਗਾ ਕੇ ਰੱਖਣਗੇ ਅਤੇ ਵੋਟਾਂ ਮੰਗਣ ਆਏ ਨੇਤਾਵਾਂ ਨੂੰ ਇਸ ਸੰਬੰਧੀ ਸਵਾਲ ਕਰਨਗੇ। ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ।
ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਵਿੱਚ ਮੁਲਾਜ਼ਮ ਇਸ ਮੁਹਿੰਮ ਤਹਿਤ ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਦੇ ਪੋਸਟਰ ਲਗਾ ਰਹੇ ਹਨ ਤੇ ਵੋਟਾਂ ਮੰਗਣ ਆਏ ਨੇਤਾਵਾਂ ਨੂੰ ਸਵਾਲ ਕਰ ਰਹੇ ਹਨ। 17 ਜੁਲਾਈ 2020 ਤੋਂ ਬਾਅਦ ਅਧੂਰੇ ਕੇਂਦਰੀ ਪੇਅ ਸਕੇਲਾਂ ਤੇ ਭਰਤੀ ਮੁਲਾਜਮਾ ਦੀ ਗਿਣਤੀ 50 ਹਜਾਰ ਤੋਂ ਵੱਧ ਹੈ ਤੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨਾਲ ਜੁੜੇ ਹਨ। ਜਿਸ ਕਰਕੇ ਮੁਲਾਜ਼ਮਾ ਦੁਆਰਾ ਪੂਰੇ ਪੰਜਾਬ ਵਿੱਚ ਚਲਾਈ ਇਸ ਮੁਹਿੰਮ ਦਾ ਸਿੱਧਾ ਸਿੱਧਾ ਅਸਰ ਸੱਤਾਧਾਰੀ ਧਿਰ ਤੇ ਪੈਣਾ ਲਾਜ਼ਮੀ ਹੈ।