ਨਵੀਂ ਦਿੱਲੀ, 18 ਮਈ,ਬੋਲੇ ਪੰਜਾਬ ਬਿਉਰੋ:
ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ ਲੂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਇਸਨੇ ਅਗਲੇ ਚਾਰ ਦਿਨਾਂ ਤੱਕ ਮੱਧ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ’ਚ ਲੂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਹੈ। ਉਸ ਤੋਂ ਬਾਅਦ ਹਲਕੀ ਹਨੇਰੀ ਆ ਸਕਦੀ ਹੈ, ਜਿਸ ਨਾਲ ਤਾਪਮਾਨ ’ਚ ਥੋੜ੍ਹੀ ਗਿਰਾਵਟ ਹੋ ਸਕਦੀ ਹੈ।
ਸੀਨੀਅਰ ਮੌਸਮ ਵਿਗਿਆਨੀ ਡਾ. ਨਰੇਸ਼ ਕੁਮਾਰ ਨੇ ਕਿਹਾ ਕਿ ਅਪ੍ਰੈਲ ਤੋਂ ਲੈ ਕੇ ਪਿਛਲੇ ਕੁਝ ਦਿਨਾਂ ਤੱਕ ਲਗਾਤਾਰ ਪੱਛਮੀ ਗੜਬੜੀ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਰਹੀ ਸੀ, ਜਿਸ ਕਾਰਨ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ ’ਚ ਛਿਟਪੁੱਟ ਬਾਰਿਸ਼ ਹੋਈ। ਇਸ ਕਾਰਨ ਤਾਪਮਾਨ ਬਹੁਤ ਜ਼ਿਆਦਾ ਨਹੀਂ ਸੀ। ਮੌਸਮ ਵਿਭਾਗ ਅਨੁਸਾਰ, ਮਈ ’ਚ ਦੇਸ਼ ਭਰ ’ਚ ਕਈ ਥਾਵਾਂ ’ਤੇ ਪਾਰਾ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਸੁੱਕਰਵਾਰ ਨੂੰ ਵੀ ਰਾਜਸਥਾਨ ’ਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ। ਪੰਜਾਬ ਤੇ ਹਰਿਆਣਾ ’ਚ ਵੀ ਤਾਪਮਾਨ 44 ਡਿਗਰੀ ਸੈਲਸੀਅਸ ਦੇ ਕਰੀਬ ਹੈ ਤੇ ਲੂ ਦੇ ਹਾਲਾਤ ਉੱਤਰ ਪ੍ਰਦੇਸ਼ ਵਰਗੇ ਹੀ ਹਨ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਤੇ ਬਿਹਾਰ ਦੇ ਮੈਦਾਨੀ ਇਲਾਕਿਆਂ ’ਚ ਗਰਮੀ ਤੋਂ ਲੈ ਕੇ ਗੰਭੀਰ ਲੂ ਚੱਲ ਸਕਦੀ ਹੈ ਤੇ 18 ਮਈ ਤੋਂ ਪੂਰਬੀ ਤੇ ਮੱਧ ਭਾਰਤ ’ਚ ਹੀਟ ਵੇਵ ਦੀ ਸਥਿਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਤਾਮਿਲਨਾਡੂ, ਕੇਰਲ ਤੇ ਦੱਖਣੀ ਕਰਨਾਟਕ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਗੇ ਕਿਹਾ ਕਿ ਦੱਖਣੀ ਪ੍ਰਾਇਦਵੀਪ ਭਾਰਤ ’ਚ 23 ਮਈ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਨਾਲ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।