ਦੇਹਰਾਦੂਨ, 18 ਮਈ, ਬੋਲੇ ਪੰਜਾਬ ਬਿਊਰੋ :
ਪਤੰਜਲੀ ਆਯੁਰਵੇਦ ਦੇ ਉਤਪਾਦਾਂ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਕਾਰਨ ਉੱਤਰਾਖੰਡ ਸਰਕਾਰ ਨੇ ਪਤੰਜਲੀ ਆਯੁਰਵੇਦ ਅਤੇ ਦਿਵਿਆ ਫਾਰਮੇਸੀ ਦੇ 14 ਉਤਪਾਦਾਂ ਦੇ ਲਾਇਸੈਂਸ ਨੂੰ ਰੱਦ ਕਰਨ ਦੇ ਆਪਣੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਉੱਚ ਪੱਧਰੀ ਕਮੇਟੀ ਵੱਲੋਂ ਮੁੱਢਲੀ ਜਾਂਚ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਆਪਣੇ ਹੁਕਮਾਂ ’ਤੇ ਰੋਕ ਲਾ ਦਿੱਤੀ ਹੈ। ਉੱਤਰਾਖੰਡ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਸਕੱਤਰ ਪੰਕਜ ਕੁਮਾਰ ਪਾਂਡੇ ਨੇ ਇੱਕ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ ਹੈ। 30 ਅਪ੍ਰੈਲ ਨੂੰ ਉੱਤਰਾਖੰਡ ਸਰਕਾਰ ਨੇ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਅਤੇ ਦਿਵਿਆ ਫਾਰਮੇਸੀ ਦੇ 14 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਸੀ। ਉੱਤਰਾਖੰਡ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਵੀ ਉਤਪਾਦਾਂ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਪਤੰਜਲੀ ਆਯੁਰਵੇਦ ਦੇ ਉਤਪਾਦਾਂ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਕਾਰਨ ਕੰਪਨੀ ਦਾ ਲਾਇਸੈਂਸ ਬੰਦ ਕਰ ਦਿੱਤਾ ਗਿਆ ਹੈ।