ਨਵੀਂ ਦਿੱਲੀ, 17 ਮਈ,
ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਅਰੂਮ ’ਤੇ ਗੋਲੀਆਂ ਚਲਾਉਣ ਦੀ ਘਟਨਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਇੱਕ ਸ਼ੂਟਰ ਦਿੱਲੀ ਪੁਲੀਸ ਦੀ ਵਿਸ਼ੇਸ਼ ਯੂਨਿਟ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਮੁਕਾਬਲਾ ਸ਼ਾਹਬਾਦ ਡੇਅਰੀ ਇਲਾਕੇ ਨੇੜੇ ਹੋਇਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ਾਰਪਸ਼ੂਟਰ ਅਜੈ ਉਰਫ਼ ਗੋਲੀ ਬਾਹਰੀ ਦਿੱਲੀ ਦੇ ਪਿੰਡ ਖੇੜਾ ਖੁਰਦ ਵਿੱਚ ਆਉਣ ਵਾਲਾ ਹੈ। ਇਸ ਮਗਰੋਂ ਇੱਕ ਟੀਮ ਬਣਾਈ ਗਈ ਅਤੇ ਜਾਲ ਵਿਛਾਇਆ ਗਿਆ।’’
ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਟੀਮ ਨੇ ਅਜੈ ਨੂੰ ਹੌਂਡਾ ਸਿਟੀ ਕਾਰ ’ਚ ਰੋਕਿਆ। ਅਧਿਕਾਰੀ ਨੇ ਕਿਹਾ, ‘‘ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੁਲਜ਼ਮ ਪੁਲੀਸ ਟੀਮ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗਾ।’’ ਅਧਿਕਾਰੀ ਨੇ ਕਿਹਾ ਕਿ ਜਵਾਬੀ ਕਾਰਵਾਈ ਵਿੱਚ ਉਸ ਦੇ ਗੋਲੀ ਲੱਗੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲੀਸ ਅਨੁਸਾਰ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਅਜੈ ਦਿੱਲੀ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਦਰਜ ਕੇਸਾਂ ਸਮੇਤ ਇੱਕ ਦਰਜਨ ਵਾਰਦਾਤਾਂ ਵਿੱਚ ਸ਼ਾਮਲ ਸੀ। ਪੁਲੀਸ ਅਨੁਸਾਰ ਉਹ 10 ਮਾਰਚ ਨੂੰ ਸੋਨੀਪਤ ਦੇ ਮੂਰਥਲ ਵਿੱਚ ਇੱਕ ਵਪਾਰੀ ਦੇ ਕਤਲ ਦੀ ਘਟਨਾ ਵਿੱਚ ਵੀ ਸ਼ਾਮਲ ਸੀ।