ਸਿਹਤ ਵਿਭਾਗ ਵੱਲੋਂ ਗਰਮੀ ਤੇ ਬਿਮਾਰੀਆਂ ਤੋਂ ਬਚਾਅ ਲਈ ਦਿਸ਼ਾ ਨਿਰਦੇਸ਼ ਜਾਰੀ

ਹੈਲਥ ਚੰਡੀਗੜ੍ਹ ਪੰਜਾਬ


ਮੋਹਾਲੀ, 17 ਮਈ,ਬੋਲੇ ਪੰਜਾਬ ਬਿਓਰੋ:
ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਨੇ ਗਰਮੀ ਅਤੇ ਲੂੰ ਦੇ ਮੌਸਮ ਵਿੱਚ ਹੋਣ ਵਾਲੀਆਂ ਆਮ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਕਮਰਕੱਸ ਲਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਗਰਮੀ ਅਤੇ ਲੂੰ ਦੇ ਮੌਸਮ ਵਿਚ ਸੰਭਾਵੀ ਸਿਹਤ ਖਤਰਿਆਂ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਪਹਿਲਾਂ ਹੀ ਕਰ ਲਏ ਸਨ ਤਾਂ ਜੋ ਪ੍ਰਭਾਵਿਤ ਲੋਕਾਂ ਲਈ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਵਾਲੇ ਮਰੀਜ਼ਾਂ ਲਈ ਬੈੱਡ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ, ਮੈਡੀਕਲ ਅਫਸਰਾਂ ਦੀ ਅਜਿਹੇ ਕੇਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਸਮਰੱਥਾ ਨਿਰਮਾਣ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰੀ ਹਸਪਤਾਲਾਂ ਵਿੱਚ ਢੁੱਕਵੀਂ ਮਾਤਰਾ ਵਿੱਚ ਓ.ਆਰ.ਐਸ. ਪੈਕੇਟ ਦੀ ਸਪਲਾਈ ਸਮੇਤ ਲੋੜੀਂਦੀਆਂ ਦਵਾਈਆਂ ਉਪਲੱਬਧ ਹਨ।
ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਲੋਕਾਂ, ਬਿਰਧਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਵਧੇਰੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ਵਿੱਚ ਨਾ ਨਿਕਲਿਆ ਜਾਵੇ, ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਜਾਣ ਸਮੇਂ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛੱਤਰੀ, ਟੋਪੀ, ਤੋਲੀਏ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰੇ, ਟਮਾਟਰ, ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਹੌਲੀ ਹੌਲੀ ਸ਼ੁਰੂ ਕਰੋ ਅਤੇ ਹੌਲੀ ਹੌਲੀ ਵਧਾਓ ਤਾਂ ਕਿ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੋਵੇ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ, ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇl ਤਲੇ, ਬਾਹਰਲੇ ਅਤੇ ਬਾਸੀ ਖਾਣੇ ਤੋਂ ਪ੍ਰਹੇਜ ਕੀਤਾ ਜਾਵੇ।
ਡਾ ਦਵਿੰਦਰ ਕੁਮਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਲੋੜੀਂਦੀਆਂ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਗਰਮੀ ਲੱਗਣ ਦੇ ਖ਼ਦਸ਼ਿਆਂ ਦੇ ਚੱਲਦਿਆਂ ਤੇਜ਼ ਬੁਖਾਰ ਹੋਣ ਦੀ ਸੂਰਤ ਵਿੱਚ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ਅਤੇ ਵਿਅਕਤੀ ਨੂੰ ਜਿੰਨੀ ਜਲਦੀ ਹੋ ਸਕੇ, ਨੇੜਲੇ ਹਸਪਤਾਲ ਲਿਜਾ ਕੇ ਮਾਹਰ ਡਾਕਟਰਾਂ ਕੋਲੋਂ ਉੱਚਿਤ ਇਲਾਜ ਸ਼ੁਰੂ ਕਰਵਾਇਆ ਜਾਵੇ।
32m

Leave a Reply

Your email address will not be published. Required fields are marked *