ਮੁੱਲਾਂਪੁਰ ਦਾਖਾ, 17 ਮਈ, ਬੋਲੇ ਪੰਜਾਬ ਬਿਓਰੋ:
ਆਪਣੇ ਪਤੀ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲਾੜੀ ਨੂੰ ਨੇਪਾਲ ਏਅਰਪੋਰਟ ਤੋਂ ਥਾਣਾ ਜੋਧਾਂ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਥਾਣਾ ਜੋਧਾਂ ਦੇ ਸਬ-ਇੰਸਪੈਕਟਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਲਖਬੀਰ ਕੌਰ ਪੁੱਤਰੀ ਸੂਬਾ ਸਿੰਘ ਵਾਸੀ ਰੰਗੂਵਾਲ ਦਾ ਵਿਆਹ ਗੁਰਸੇਵਕਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਮਲ ਪਾਰਕ ਨਿਊ ਰਾਜਗੁਰੂ ਨਗਰ ਲੁਧਿਆਣਾ ਨਾਲ 18 ਅਗਸਤ 2019 ਨੂੰ ਹੋਇਆ ਸੀ।ਸਹੁਰਾ ਪਰਿਵਾਰ ਨੇ ਲਖਬੀਰ ਕੌਰ ਨੂੰ ਕੈਨੇਡਾ ਭੇਜਣ ਲਈ ਕਰੀਬ 26 ਲੱਖ ਰੁਪਏ ਖਰਚ ਕੀਤੇ ਸਨ, ਤਾਂ ਜੋ ਉਸਦਾ ਪੁੱਤਰ ਵੀ ਕੈਨੇਡਾ ਜਾ ਕੇ ਸੈਟਲ ਹੋ ਸਕੇ। ਪਰ ਕੈਨੇਡਾ ਗਈ ਲਾੜੀ ਨੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।
ਸ਼ਿਕਾਇਤ ਦਰਜ ਹੋਣ ਤੋਂ ਬਾਅਦ ਲਖਬੀਰ ਕੌਰ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ 24 ਫਰਵਰੀ 2024 ਤੋਂ ਆਪਣੇ ਘਰ ਆਉਣ ਦੀ ਬਜਾਏ ਇਧਰ-ਉਧਰ ਲੁਕੀ ਹੋਈ ਸੀ। ਇਸ ਤੋਂ ਬਾਅਦ ਉਹ ਨੇਪਾਲ ਦੇ ਰਸਤੇ ਕੈਨੇਡਾ ਜਾ ਰਹੀ ਸੀ। ਪੁਲਸ ਨੇ ਨੇਪਾਲ ਏਅਰਪੋਰਟ ‘ਤੇ ਉਸ ਨੂੰ ਫੜ ਲਿਆ ਤੇ ਅਦਾਲਤ ‘ਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ।