ਜਲੰਧਰ, 17 ਮਈ, ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ਦੇ ਅਖਨੂਰ ਬਾਰਡਰ ‘ਤੇ ਤਾਇਨਾਤ ਜਲੰਧਰ ਦੇ ਲੱਧੇਵਾਲੀ ਦੇ ਰਹਿਣ ਵਾਲੇ ਮੇਜਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੱਡਾ ਵਜੋਂ ਹੋਈ ਹੈ।ਅੱਜ ਪੱਡਾ ਦੀ ਮ੍ਰਿਤਕ ਦੇਹ ਨੂੰ ਜਲੰਧਰ ਲਿਆਂਦਾ ਗਿਆ, ਜਿੱਥੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਦੋਂ ਮੁਬਾਰਕ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਘਰ ਲੱਡਿਆਂਵਾਲੀ ਪੁੱਜੀ ਤਾਂ ਸਾਰਾ ਪਰਿਵਾਰ ਗ਼ਮਗੀਨ ਸੀ। ਉਨ੍ਹਾਂ ਦੀ ਦੇਹ ਨੂੰ ਸਨਮਾਨ ਸਹਿਤ ਤਿਰੰਗੇ ਨਾਲ ਸਸਕਾਰ ਲਈ ਭੇਜਿਆ ਗਿਆ।ਮੁਬਾਰਕ ਸਿੰਘ ਦੇ ਨਾਲ ਤਾਇਨਾਤ ਫੌਜ ਦੇ ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੇਜਰ ਪੱਡਾ ਉਨ੍ਹਾਂ ਦੇ ਨਾਲ ਤਾਇਨਾਤ ਸੀ। ਦੋਵਾਂ ਨੇ ਇਕੱਠੇ ਟ੍ਰੇਨਿੰਗ ਕੀਤੀ ਹੈ ਅਤੇ ਦੋਵੇਂ ਇਕੱਠੇ ਪਾਸ ਆਊਟ ਹੋਏ ਹਨ। ਜਿਸ ਤੋਂ ਬਾਅਦ ਮੇਜਰ ਮੁਬਾਰਕ ਸਿੰਘ ਪੱਡਾ ਨੂੰ ਸਭ ਤੋਂ ਪਹਿਲਾਂ ਉਤਰਾਖੰਡ ਵਿੱਚ ਤਾਇਨਾਤ ਕੀਤਾ ਗਿਆ ਸੀ। ਫਿਰ ਉਹ ਪੱਛਮੀ ਬੰਗਾਲ ਅਤੇ ਬਾਅਦ ਵਿਚ ਜੰਮੂ-ਕਸ਼ਮੀਰ ਵਿਚ ਤਾਇਨਾਤ ਸਨ।ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੁਬਾਰਕ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਪਰ ਇਹ ਜ਼ਰੂਰ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।