ਮੋਹਾਲੀ, 17 ਮਈ: ਬੋਲੇ ਪੰਜਾਬ ਬਿਓਰੇ
ਆਨੰਦਪੁਰ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਚੋਣ ਕਮਿਸ਼ਨਰ ਵੱਲੋਂ ਇਸ ਵਾਰ ‘ਗ੍ਰੀਨ ਇਲੈਕਸ਼ਨ’ ਕਰਵਾਉਣ ਦੇ ਦਿੱਤੇ ਨਾਅਰੇ ਨੂੰ ਜ਼ਮੀਨੀ ਹਕੀਕਤ ’ਚ ਬਦਲਣ ਦੇ ਮੰਤਵ ਨਾਲ ਅੱਜ ਮੋਹਾਲੀ ਵਿਖੇ ਪਾਰਲੀਮਾਨੀ ਹਲਕੇ ’ਚ ਪੈਂਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਾਰਬਨ ਉਤਸਰਜਨ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਵਾਉਣ ਅਤੇ ਟ੍ਰੇਨਿੰਗ, ਟੀਮਾਂ ਦੀ ਰਵਾਨਗੀ ਅਤੇ ਵਾਪਸੀ ਅਤੇ ਗਿਣਤੀ ਕੇਂਦਰਾਂ ਮੌਕੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨੀ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੇ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਦੀ ਰੌਸ਼ਨੀ ’ਚ ਸਾਡਾ ਨਾਅਰਾ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣ ਪ੍ਰਕਿਰਿਆ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜਿੱਥੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਵੱਲ ਪ੍ਰੇਰਿਅ ਜਾਵੇ ਉੱਥੇ ਚੋਣ ਪ੍ਰਬੰਧਾਂ ’ਚ ਲੱਗੇ ਸਰਕਾਰੀ ਅਮਲੇ ਨੂੰ ਵੀ ਇਸ ‘ਗ੍ਰੀਨ ਇਲੈਕਸ਼ਨ’ ਮੁਹਿੰਮ ਦਾ ਹਿੱਸਾ ਅਤੇ ਵਾਹਕ (ਦੂਤ) ਬਣਨ ਲਈ ਪ੍ਰੇਰਿਆ ਜਾਵੇ।
ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਵਿਸਥਾਰ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਚੋਣ ਅਮਲੇ ਦੀ ਟ੍ਰੇਨਿੰਗ ਲਾਈਏ ਤਾਂ ਉਸ ਥਾਂ ’ਤੇ ਕੂੜਾ ਬਿਲਕੁਲ ਨਾ ਖਿੱਲਰਣ ਦੇਈਏ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖੀਏ। ਇਸੇ ਤਰ੍ਹਾਂ ਜਿਸ ਦਿਨ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਮਤਦਾਨ ਕੇਂਦਰਾਂ ਵੱਲ ਰਵਾਨਾ ਕੀਤਾ ਜਾਵੇ ਅਤੇ ਬਾਅਦ ਵਿੱਚ ਸ਼ਾਮ ਨੂੰ ਵਾਪਸੀ ’ਤੇੇ ਈ ਵੀ ਐਮਜ਼ ਜਮ੍ਹਾਂ ਕਰਵਾਈਆਂ ਜਾਣ ਤਾਂ ਉਸ ਮੌਕੇ ਵੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ‘ਸਿੰਗਲ-ਯੂਜ਼ ਪਲਾਸਟਿਕ’ ਤੋਂ ਗੁਰੇਜ਼ ਕਰੀਏ।
ਮਤਦਾਨ ਕੇਂਦਰਾਂ ’ਤੇ ‘ਗ੍ਰੀਨ ਇਲੈਕਸ਼ਨ’ ਮੁਹਿੰਮ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਪੋਲਿੰਗ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇਣ ਲਈ ਰਿਟਰਨਿੰਗ ਅਫ਼ਸਰਾਂ/ਜ਼ਿਲ੍ਹਾ ਚੋਣ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਯੋਜਨਾਬੰਦੀ ਕਰਨ ਲਈ ਕਿਹਾ।
ਉਨ੍ਹਾਂ ਨੇ ਮਤਦਾਨ ਵਾਲੇ ਦਿਨ ਸਮੁੱਚੇ ਪੋਲਿੰਗ ਬੂਥ ਕੇਂਦਰਾਂ ’ਤੇ ਆਉਣ ਵਾਲੇ ਮਤਦਾਤਾਵਾਂ ਲਈ ਲੋੜੀਂਦੀਆਂ ਘੱਟੋ-ਘੱਟ ਸੁਵਿਧਾਵਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵੱਖੋ-ਵੱਖਰੀ ਕਿਸਮ ਦੇ ਪੌਦਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਵੋਟ ਪਾਉੁਣ ਆਇਆ ਮਤਦਾਤਾ ਪੋਲਿੰਗ ਬੂਥ ਤੋਂ ਮਿਲੇ ਬੂਟੇ ਨੂੰ ਆਪਣੇ ਘਰ ਜਾਂ ਖੇਤ ’ਚ ਲਾ ਕੇ ਲੋਕਤੰਤਰ ਦੇ ਉਤਸਵ ਦੀ ਯਾਦ ਵਜੋਂ ਉਸ ਦੀ ਪਾਲਣਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਇੱਕ ਦਿਨ ’ਚ ਲੱਖਾਂ ਬੂਟੇ ਲਗਵਾ ਕੇ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਨੂੰ ਸਹੀ ਅਰਥਾਂ ’ਚ ਲਾਗੂ ਕਰ ਸਕਾਂਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕ ਸਭਾ ਚੋਣਾਂ-2024 ਦੌਰਾਨ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣ ਦੇ ਟੀਚੇ ਨੂੰ ਵੀ ਸੰਕਲਪ ਵਜੋਂ ਲੈਣ ਲਈ ਆਖਿਆ। ਡਾ. ਹੀਰਾ ਲਾਲ ਜੋ ਕਿ 2019 ’ਚ ਬਾਂਦਾ (ਉੱਤਰ ਪ੍ਰਦੇਸ਼) ਜ਼ਿਲ੍ਹੇ ’ਚ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ ਹੁੰਦਿਆਂ ਉਸ ਮੌਕੇ ਲੋਕ ਸਭਾ ਚੋਣਾਂ ’ਚ 10.5 ਫ਼ੀਸਦੀ ਮਤਦਾਨ ਵਧਾ ਕੇ ਕੌਮੀ ਪੱਧਰ ’ਤੇ ਨਾਮਣਾ ਖੱਟ ਚੱੁਕੇ ਹਨ, ਨੇ ਕਿਹਾ ਕਿ ਇਸ ਮੰਤਵ ਲਈ ਹਰੇਕ ਸਹਾਇਕ ਰਿਟਰਨਿੰਗ ਅਫ਼ਸਰ ਪੰਚਾਇਤ ਪੱਧਰੀ, ਵਿਧਾਨ ਸਭਾ ਪੱਧਰੀ ਅਤੇ ਲੋਕ ਸਭਾ ਪੱਧਰੀ ਸਭ ਤੋਂ ਵੱਧ ਮਤਦਾਨ ਵਾਲੇ 5-5 ਬੂਥ ਚੁਣ ਲੈਣ ਅਤੇ ਉਨ੍ਹਾਂ ਦੀ ਮਤਦਾਨ ਪ੍ਰਤੀਸ਼ਤਤਾ ਵਧਾਉਣ ਦੇ ਕਾਰਕਾਂ ਦਾ ਸਬੰਧਤ ਬੂਥ ਲੈਵਲ ਅਫ਼ਸਰ ਤੋਂ ਵੇਰਵਾ ਲੈ ਕੇ ਉਸ ਨੂੰ ਇਸ ਵਾਰ ਬਾਕੀ ਚੋਣ ਬੂਥਾਂ ’ਤੇ ਵੀ ਮਤਦਾਨ ਵਧਾਉਣ ਲਈ ਵਰਤੋਂ ’ਚ ਲਿਆਉਣ।
ਉਨ੍ਹਾਂ ਇਸ ਮੌਕੇ ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਆਨੰਦਪੁਰ ਸਾਹਿਬ ’ਚ ਪੈਂਦੇ 09 ਵਿਧਾਨ ਸਭਾ ਹਲਕਿਆਂ ਦੇ ਸਭ ਤੋਂ ਵਧੇਰੇ ਮਤਦਾਨ ਪ੍ਰਤੀਸ਼ਤਤਾ ਨਾਲ ਯੋਗਦਾਨ ਪਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਇਨ੍ਹਾਂ ’ਚ ਗੜ੍ਹਸ਼ੰਕਰ ਤੋਂ ਬੂਥ ਨੰਬਰ 132 ਦੇ ਬੀ ਐਲ ਓ ਜਸਵਿੰਦਰ ਸਿੰਘ (81.80 ਫ਼ੀਸਦੀ), ਬੰਗਾ ਦੇ ਬੂਥ ਨੰਬਰ 132 ਦੇ ਬੀ ਐਲ ਓ ਸੁਰਜੀਤ ਕੁਮਾਰ (78.76 ਫ਼ੀਸਦੀ), ਨਵਾਂਸ਼ਹਿਰ ਦੇ ਬੂਥ ਨੰਬਰ 209 ਦੀ ਬੀ ਐਲ ਓ ਪਰਮਜੀਤ ਕੌਰ (83 ਫ਼ੀਸਦੀ), ਬਲਾਚੌਰ ਦੇ ਬੂਥ ਨੰਬਰ 160 ਦੇ ਬੀ ਐਲ ਓ ਨਰਿੰਦਰ ਸਿੰਘ (88.86 ਫ਼ੀਸਦੀ), ਆਨੰਦਪੁਰ ਸਾਹਿਬ ਦੇ ਬੂਥ ਨੰਬਰ 41 ਦੇ ਬੀ ਐਲ ਓ ਜਸਵਿੰਦਰ ਸਿੰਘ (80.70 ਫ਼ੀਸਦੀ), ਰੂਪਨਗਰ ਦੇ ਬੂਥ ਨੰ. 170 ਦੇ ਬੀ ਐਲ ਓ ਫੁਲੇਸ਼ਵਰ ਕੁਮਾਰ (89.29 ਫ਼ੀਸਦੀ), ਚਮਕੌਰ ਸਾਹਿਬ ਦੇ ਬੂਥ ਨੰ. 14 ਦੀ ਬੀ ਐਲ ਓ ਹਰਿੰਦਰ ਕੌਰ (78 ਫ਼ੀਸਦੀ), ਖਰੜ ਦੇ ਬੂਥ ਨੰ. 74 ਦੇ ਬੀ ਐਲ ਓ ਅਜੇ ਕੁਮਾਰ (85.05 ਫ਼ੀਸਦੀ) ਅਤੇ ਐੱਸ ਏ ਐੱਸ ਨਗਰ ਦੇ ਬੂਥ ਨੰਬਰ ਦੇ ਬੀ ਐਲ ਓ ਹਰਪਿੰਦਰਜੀਤ ਸਿੰਘ (83.54 ਫ਼ੀਸਦੀ) ਸ਼ਾਮਿਲ ਸਨ।
ਇਸ ਤੋਂ ਬਾਅਦ ਜਨਰਲ ਅਬਜ਼ਰਵਰ ਡਾ. ਹੀਰਾ ਲਾਲ, ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਖਰਚਾ ਅਬਜ਼ਰਵਰ ਸ਼ਿਲਪੀ ਸਿਨਹਾ, ਰਿਟਰਨਿੰਗ ਅਫ਼ਸਰ ਆਨੰਦਪੁਰ ਸਾਹਿਬ ਪ੍ਰੀਤੀ ਯਾਦਵ, ਜ਼ਿਲ੍ਹਾ ਚੋਣ ਅਫ਼ਸਰ ਐਸ ਏ ਐਸ ਨਗਰ ਆਸ਼ਿਕਾ ਜੈਨ, ਜ਼ਿਲ੍ਹਾ ਚੋਣ ਅਫ਼ਸਰ ਐਸ ਬੀ ਐਸ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਰੋਪੜ ਗੁਲਨੀਤ ਸਿੰਘ ਖੁਰਾਣਾ, ਐਸ ਐਸ ਪੀ ਐਸ ਏ ਐਸ ਨਗਰ ਡਾ. ਸੰਦੀਪ ਗਰਗ, ਐਸ ਐਸ ਪੀ ਐਸ ਬੀ ਐਸ ਨਗਰ ਡਾ. ਮਹਿਤਾਬ ਸਿੰਘ ਤੋਂ ਇਲਾਵਾ ਪਾਰਲੀਮਾਨੀ ਹਲਕੇ ’ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ’ਚ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਵਜੋਂ ਪੌਦੇ ਵੀ ਲਾਏ ਗਏ।
ਇਸ ਮੌਕੇ ਸਕੂਲੀ ਬੱਚਿਆਂ ਅਤੇ ਸਮੂਹ ਅਬਜ਼ਰਵਰਾਂ ਅਤੇ ਡੀ ਸੀਜ਼, ਐਸ ਐਸ ਪੀਜ਼ ਤੇ ਏ ਆਰ ਓਜ਼ ਵੱਲੋਂ ਮਤਦਾਨ ਵਾਲੇ ਦਿਨ ਵਾਤਾਵਰਣ ਦੀ ਸੰਭਾਲ ਵਜੋਂ ਇੱਕ-ਇੱਕ ਪੌਦਾ ਲਾਉਣ ਅਤੇ ‘ਸਿੰਗਲਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਦਾ ਸੰਕਲਪ ਵੀ ਲਿਆ ਗਿਆ।
ਜਨਰਲ ਅਬਜ਼ਰਵਰ ਵੱਲੋਂ ਇਸ ਮੌਕੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ