ਦੇਹਰਾਦੂਨ, 16 ਮਈ, ਬੋਲੇ ਪੰਜਾਬ ਬਿਓਰੋ:
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਲੈ ਕੇ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇਸ ਵਾਰ ਉੱਤਰਾਖੰਡ ਦੇ ਹਿਮਾਲਿਆ ਵਿੱਚ ਸਥਿਤ ਚਮੋਲੀ ਜ਼ਿਲ੍ਹੇ ਵਿੱਚ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਰਧਾਲੂਆਂ ਲਈ 25 ਮਈ ਨੂੰ ਖੋਲ੍ਹੇ ਜਾ ਰਹੇ ਹਨ ਅਤੇ 10 ਅਕਤੂਬਰ ਨੂੰ ਬੰਦ ਕੀਤੇ ਜਾਣਗੇ।
ਇਹ ਸਮੁੰਦਰ ਤਲ ਤੋਂ ਲਗਭਗ 16 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਤੀਰਥ ਸਥਾਨ ਹੈ। ਸੂਤਰਾਂ ਮੁਤਾਬਕ ਮਈ ਮਹੀਨੇ ਤੱਕ ਸਰਦੀਆਂ ਦੀ ਬਰਫ ਪਿਘਲ ਜਾਂਦੀ ਹੈ, ਜਿਸ ਕਾਰਨ ਇਹ ਜਗ੍ਹਾ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਹੀ ਖੁੱਲ੍ਹਦੀ ਹੈ ਅਤੇ 7-8 ਮਹੀਨੇ ਬੰਦ ਰਹਿੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਇਸ ਪਵਿੱਤਰ ਯਾਤਰਾ ਵਿੱਚ 8 ਲੱਖ ਤੋਂ ਵੱਧ ਸ਼ਰਧਾਲੂ ਸ਼ਾਮਲ ਹੋਣਗੇ। ਇਹ ਤੀਰਥ ਅਸਥਾਨ ਦੁਨੀਆ ਦੇ ਸਭ ਤੋਂ ਉੱਚੇ ਸਥਾਨ ‘ਤੇ ਸਥਿਤ ਹੈ।
ਦੱਸ ਦਈਏ ਕਿ ਸਿੱਖ ਭਾਈਚਾਰੇ ਦੇ ਪ੍ਰਸਿੱਧ ਤੀਰਥ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੀ ਸੜਕ ‘ਤੇ ਜੰਮੀ ਬਰਫ ਨੂੰ ਹਟਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਜੇਕਰ ਤੁਸੀਂ ਇਸ ਸਾਲ ਹੇਮਕੁੰਟ ਸਾਹਿਬ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣੀ ਯਾਤਰਾ ਲਈ ਤਿਆਰ ਹੋ ਜਾਓ। ਹੇਮਕੁੰਟ ਸਾਹਿਬ 25 ਮਈ 2024 ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ। ਇੱਥੇ ਪਹੁੰਚਣ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ।
ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਖ਼ਰਾਬ ਮੌਸਮ ਦੌਰਾਨ ਫ਼ੌਜ ਦੇ ਜਵਾਨ ਘੰਗੜੀਆ ਅਤੇ ਲੋਕਪਾਲ ਸਾਹਿਬ ਨੂੰ ਜਾਂਦੀ ਸੜਕ ਤੋਂ ਬਰਫ਼ ਸਾਫ਼ ਕਰਨ ਵਿੱਚ ਲੱਗੇ ਹੋਏ ਹਨ। ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ 22 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।