ਸ੍ਰੀ ਆਨੰਦਪੁਰ ਸਾਹਿਬ ਵਿੱਚ ਟੂਰਿਸਮ ਸਰਕਟ ਬਣਾਇਆ ਜਾਵੇਗਾ: ਡਾ. ਸੁਭਾਸ਼ ਸ਼ਰਮਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਮਈ,ਬੋਲੇ ਪੰਜਾਬ ਬਿਓਰੋ : ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਨਾਤਨ ਧਰਮ ਦਾ ਦੁਸ਼ਮਣ ਦੱਸਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਹਮੇਸ਼ਾ ਹੀ ਸਨਾਤਨ ਧਰਮ ਦਾ ਵਿਰੋਧ ਕੀਤਾ ਹੈ, ਜਿਸ ਦਾ ਖ਼ਮਿਆਜ਼ਾ ਇਸ ਵਾਰ ਉਨ੍ਹਾਂ ਨੂੰ ਚੁਣਾਵਾਂ ਵਿਚ ਭੁਗਤਣਾ ਪਵੇਗਾ |
ਅੱਜ ਮੋਹਾਲੀ ਵਿਖੇ ਘਰ-ਘਰ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਗਾਂਧੀ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਦਾ ਸਨਾਤਨ ਵਿਰੋਧੀ ਚਿਹਰਾ ਉਸੇ ਦਿਨ ਨੰਗਾ ਹੋ ਗਿਆ ਸੀ, ਜਦੋਂ ਮਨਮੋਹਨ ਸਿੰਘ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰ ਕੇ ਸ਼੍ਰੀ ਰਾਮ ਸੇਤੂ ਨੂੰ ਕਾਲਪਨਿਕ ਕਿਹਾ ਸੀ। ਫਿਰ ਇਸ ਸਾਲ ਕਾਂਗਰਸ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਸਮਾਰੋਹ ਲਈ ਸੱਦਾ ਪੱਤਰ ਠੁਕਰਾ ਦਿੱਤਾ । ਇਸ ਤੋਂ ਇਲਾਵਾ ਇੰਡੀ ਗਠਜੋੜ ਜਿਸ ਦਾ ਕਾਂਗਰਸ ਅਤੇ ‘ਆਪ’ ਹਿੱਸਾ ਹਨ, ਉਸ ਵਿਚ ਡੀਐਮਕੇ ਵੀ ਸ਼ਾਮਿਲ ਹੈ ਜਿਸ ਦੇ ਨੇਤਾ ਐਮਕੇ ਸਟਾਲਿਨ ਸਨਾਤਨ ਧਰਮ ਦੀ ਤੁਲਨਾ ਡੇਂਗੂ ਅਤੇ ਮਲੇਰੀਆ ਨਾਲ ਕਰਦੇ ਹਨ, ਪਰ ਅੱਜ ਤੱਕ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਇਸ ਮੁੱਦੇ ‘ਤੇ ਚੁੱਪ ਹਨ। ਡਾ: ਸੁਭਾਸ਼ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਨੂੰ ਛੱਡ ਕੇ ਹਰ ਭਾਰਤੀ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਤੋਂ ਖੁਸ਼ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਵਿਰੋਧ ਕਰਦੇ ਹੋਏ ਰਾਹੁਲ ਅਤੇ ਕੇਜਰੀਵਾਲ ਸ਼੍ਰੀ ਰਾਮ ਦਾ ਵਿਰੋਧ ਕਰ ਬੈਠੇ ਹਨ ਜਿਸ ਦੀ ਸਜ਼ਾ ਜਨਤਾ ਇਨ੍ਹਾਂ ਚੋਣਾਂ ‘ਚ ਉਹਨਾਂ ਨੂੰ ਜਰੂਰ ਦੇਵੇਗੀ।
ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਇਸ ਧਰਤੀ ‘ਤੇ ਖਾਲਸਾ ਪੰਥ ਦੀ ਸਥਾਪਨਾ ਹੋਈ, ਭਗਵਾਨ ਪਰਸ਼ੂਰਾਮ ਜੀ ਦੀ ਜਨਮ ਭੂਮੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਵੀ ਇਥੇ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਕਈ ਇਤਿਹਾਸਕ ਸਥਾਨ ਹਨ, ਜਿਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਟੂਰਿਜ਼ਮ ਸਰਕਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਸੈਰ ਸਪਾਟਾ ਸਰਕਟ ਬਣਾਉਣ ਲਈ ਵਿਸ਼ੇਸ਼ ਗ੍ਰਾਂਟ ਲੇਕਰ ਆਉਣਗੇ । ਉਹਨਾਂ ਨੇ ਕਿਹਾ ਟੂਰਿਜ਼ਮ ਸਰਕਟ ਬਣਨ ਤੋਂ ਬਾਅਦ ਉਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਵਿਦੇਸ਼ੀ ਸੈਲਾਨੀ ਦਿੱਲੀ ਉਤਰ ਕੇ ਤਾਜ ਮਹਿਲ ਦੇਖਣ ਲਈ ਆਗਰਾ ਜਾਂਦੇ ਹਨ ਉਸੇ ਤਰ੍ਹਾਂ ਖਾਲਸੇ ਦੀ ਧਰਤੀ ਦੇ ਦਰਸ਼ਨਾਂ ਲਈ ਇਥੇ ਆਉਣਗੇ । ਉਨ੍ਹਾਂ ਕਿਹਾ ਕਿ ਜੇਕਰ ਮੁਹਾਲੀ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਜਾਣ ਤਾਂ ਪੰਜਾਬੀਆਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਮੋਹਾਲੀ ਨੂੰ ਗੁਰੂਗ੍ਰਾਮ, ਹੈਦਰਾਬਾਦ ਅਤੇ ਬੈਂਗਲੁਰੂ ਵਾਂਗ ਉਦਯੋਗਿਕ ਹੱਬ ਬਣਾਉਣ ਲਈ ਯਤਨ ਕੀਤੇ ਜਾਣਗੇ। ਡਾ. ਸੁਭਾਸ਼-ਸ਼ਰਮਾ ਨੇ ਕਿਹਾ ਕਿ ਉਹ ਇੱਥੇ ਰੇਲਵੇ ਪ੍ਰੋਜੈਕਟ ਅਤੇ ਰਿਫਾਇਨਰੀ ਸਥਾਪਤ ਕਰਨ ਲਈ ਵੀ ਉਪਰਾਲੇ ਕਰਨਗੇ।
ਇਸ ਤੋਂ ਪਹਿਲਾਂ ਸਵੇਰੇ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਮੁਹਾਲੀ ਦੇ ਸੈਕਟਰ-70 ਦੇ ਪਾਰਕਾਂ ਵਿੱਚ ਸੈਰ ਕਰਨ ਆਏ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਮੁਹਾਲੀ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਹੋਰ ਆਗੂ ਹਾਜ਼ਰ ਸਨ।