ਪੰਜਾਬ ‘ਚ ਚੱਲਦੀ ਰੇਲਗੱਡੀ ‘ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਚੰਡੀਗੜ੍ਹ ਪੰਜਾਬ


ਸਮਰਾਲਾ, 16 ਮਈ, ਬੋਲੇ ਪੰਜਾਬ ਬਿਓਰੋ:
ਬੀਤੇ ਦਿਨ ਸਵੇਰੇ ਕਰੀਬ 6 ਵਜੇ ਲੁਧਿਆਣਾ ਤੋਂ ਲਖਨਊ ਜਾ ਰਹੀ ਚੱਲਦੀ ਰੇਲਗੱਡੀ ‘ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਜੱਚਾ-ਬੱਚਾ ਨੂੰ ਐਮਰਜੈਂਸੀ ‘ਚ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਡਾਕਟਰਾਂ ਵੱਲੋਂ ਜੱਚਾ ਅਤੇ ਬੱਚੇ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਦੇਣ ਉਪਰੰਤ ਉਚੇਚੇ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਨਮ (23 ਸਾਲ) ਜੋ ਕਿ ਆਪਣੇ ਪਤੀ ਅੰਕੁਰ ਨਾਲ ਲੁਧਿਆਣਾ ਤੋਂ ਲਖਨਊ ਜਾਣ ਲਈ ਇਸ ਰੇਲਗੱਡੀ ਵਿੱਚ ਸਵਾਰ ਹੋਈ ਸੀ, ਜਿਵੇਂ ਹੀ ਟਰੇਨ ਕੁਝ ਕਿਲੋਮੀਟਰ ਅੱਗੇ ਵਧੀ ਤਾਂ 8 ਮਹੀਨਿਆਂ ਦੀ ਗਰਭਵਤੀ ਸੋਨਮ ਨੂੰ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਟਰੇਨ ‘ਚ ਸਫਰ ਕਰ ਰਹੀਆਂ ਹੋਰ ਔਰਤਾਂ ਨੇ ਉਸ ਨੂੰ ਸੰਭਾਲ ਲਿਆ ਅਤੇ ਸਫਰ ਦੌਰਾਨ ਸਮਰਾਲਾ ਤੋਂ 3 ਕਿਲੋਮੀਟਰ ਪਹਿਲਾਂ ਲਾਲ ਕਲਾਂ ਸਟੇਸ਼ਨ ‘ਤੇ ਪਹੁੰਚਦਿਆਂ ਹੀ ਸੋਨਮ ਨੇ ਚਲਦੀ ਟਰੇਨ ‘ਚ ਹੀ ਬੱਚੇ ਨੂੰ ਜਨਮ ਦਿੱਤਾ। ਸਟੇਸ਼ਨ ਮਾਸਟਰ ਨੇ ਸਮਰਾਲਾ ਸਟੇਸ਼ਨ ‘ਤੇ ਐਂਬੂਲੈਂਸ ਬੁਲਾਉਣ ਦਾ ਇੰਤਜ਼ਾਮ ਕੀਤਾ ਤੇ ਜਿਵੇਂ ਹੀ ਸਮਰਾਲਾ ਸਟੇਸ਼ਨ ‘ਤੇ ਟਰੇਨ ਰੁਕੀ, ਨਵਜੰਮੇ ਬੱਚੇ ਅਤੇ ਉਸਦੀ ਮਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਡਿਊਟੀ ‘ਤੇ ਮੌਜੂਦ ਡਾ: ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੈਦਾ ਹੋਇਆ ਬੱਚਾ ਲੜਕਾ ਹੈ ਅਤੇ ਉਸ ਦਾ ਭਾਰ ਸਿਰਫ਼ 2 ਕਿਲੋ ਹੈ।ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਦਾ ਹਸਪਤਾਲ ਵੱਲੋਂ ਐਮਰਜੈਂਸੀ ਹਾਲਤ ਵਿੱਚ ਇਲਾਜ ਅਤੇ ਟੀਕਾਕਰਨ ਕੀਤਾ ਗਿਆ ਹੈ। ਬਾਅਦ ‘ਚ ਪਰਿਵਾਰ ਦੇ ਕਹਿਣ ‘ਤੇ ਮਾਂ ਅਤੇ ਬੱਚੇ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਡਾ: ਸਿੰਘ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

Leave a Reply

Your email address will not be published. Required fields are marked *