ਬਰਨਾਲਾ, 15 ਮਈ,ਬੋਲੇ ਪੰਜਾਬ ਬਿਓਰੋ:
ਬਰਨਾਲਾ ਦੇ ਵਪਾਰੀਆਂ ਵੱਲੋਂ ਬਰਨਾਲਾ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ। ਵਪਾਰੀ ਸੜਕਾਂ ‘ਤੇ ਉਤਰ ਕੇ ਸਰਕਾਰ, ਪ੍ਰਸ਼ਾਸਨ ਅਤੇ ਕਿਸਾਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਚੇਤਾਵਨੀ ਦੇ ਰਹੇ ਹਨ ਕਿ, ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਮੌਜੂਦਾ ਪੰਜਾਬ ਸਰਕਾਰ ਦਾ ਚੋਣਾਂ ‘ਚ ਬਾਈਕਾਟ ਕੀਤਾ ਜਾਵੇਗਾ। ਵਪਾਰੀਆਂ ਨੇ ਆਪਣੀ ਚੇਤਾਵਨੀ ਇਹ ਵੀ ਦਿੱਤੀ ਕਿ, ਵਪਾਰੀਆਂ ’ਤੇ ਹਮਲਾ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਜਾਵੇਗਾ।
ਦੱਸ ਦਈਏ ਕਿ, ਬੀਤੇ ਕੱਲ੍ਹ ਕਿਸਾਨਾਂ ਅਤੇ ਵਪਾਰੀਆਂ ਵਿਚਕਾਰ ਹੋਏ ਆਹਮੋ-ਸਾਹਮਣੇ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਇਸ ਦਾ ਅਸਰ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬਰਨਾਲਾ ਦੇ ਸਮੂਹ ਵਪਾਰੀ ਇੱਕਜੁੱਟ ਹੋ ਕੇ ਬਰਨਾਲਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਵਪਾਰੀਆਂ ’ਤੇ ਲਾਠੀਆਂ ਨਾਲ ਹਮਲਾ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਵਪਾਰੀਆਂ ਦਾ ਦੋਸ਼ ਹੈ ਕਿ, ਕਿਸਾਨ ਆਪਣੇ ਮਸਲਿਆਂ ਨੂੰ ਛੱਡ ਕੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈ ਕੇ ਸ਼ਹਿਰ ‘ਤੇ ਰਾਜ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦ ਹੀ ਸਖਤ ਕਾਰਵਾਈ ਨਾ ਕੀਤੀ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇ।