ਸ਼ਤਾਬਦੀ ਨੂੰ ਸਮਰਪਿਤ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਲਗਾਏ ਜਾਣਗੇ ਗੁਰਮਤਿ ਕੈਂਪ
ਸ੍ਰੀ ਗੋਇੰਦਵਾਲ ਸਾਹਿਬ, 15 ਮਈ,ਬੋਲੇ ਪੰਜਾਬ ਬਿਓਰੋ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਅਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੱਜ ਧਰਮ ਪ੍ਰਚਾਰ ਲਹਿਰ ਦੀ ਅਰੰਭਤਾ ਕੀਤੀ ਗਈ। ਧਰਮ ਪ੍ਰਚਾਰ ਕਮੇਟੀ ਵਲੋਂ ਸ਼ਤਾਬਦੀ ਨੂੰ ਸਮਰਪਿਤ ਜਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਪਿੰਡਾਂ/ਨਗਰਾਂ ਵਿਚ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ਵਿਚ ਗੁਰਮਤਿ ਸਮਾਗਮ ਕਰਕੇ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਆਰੰਭੀ ਜਾ ਰਹੀ ਇਸ ਧਰਮ ਪ੍ਰਚਾਰ ਲਹਿਰ ਵਿਚ ਛੇ ਕਾਲਜਾਂ ਦੇ ਤਕਰੀਬਨ 113 ਵਿਦਿਆਰਥੀਆਂ ਦੀਆਂ 22 ਟੀਮਾਂ ਬਣਾਈਆਂ ਗਈਆਂ ਹਨ।
ਇਨ੍ਹਾਂ ਜ਼ਿਲ੍ਹਿਆਂ ਵਿਚ 22 ਥਾਵਾਂ ’ਤੇ ਪ੍ਰਚਾਰ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪ੍ਰਚਾਰਕ ਜਥੇ ਸਵੇਰੇ-ਸ਼ਾਮ ਗੁਰਦੁਆਰਾ ਸਾਹਿਬ ਵਿੱਚ ਨਿਤਨੇਮ, ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਵੀਚਾਰ ਕਰਨ ਦੇ ਨਾਲ-ਨਾਲ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਲਈ ਗੁਰਬਾਣੀ ਸੰਥਿਆ, ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਨਾਲ ਸਬੰਧਤ ਕਲਾਸਾਂ ਵੀ ਲਗਾਉਣਗੇ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਬੱਚਿਆਂ ਲਈ ਗੁਰਮੁਖੀ ਸਿੱਖਿਆ, ਨਿਤਨੇਮ ਦੀ ਸੰਥਿਆ ਅਤੇ ਗੁਰ-ਇਤਿਹਾਸ ਦੀ ਕਲਾਸ ਲਗਾਈ ਜਾਵੇਗੀ। ਇਸੇ ਤਰ੍ਹਾਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੂੰ ਪਿੰਡਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਸੇਵਾ ਭਾਵਨਾ ਅਤੇ ਮਰਯਾਦਾ ਵਿਚ ਰਹਿ ਕੇ ਗੁਰਮਤਿ ਪ੍ਰਚਾਰ ਕਰਨ ਦੀ ਪ੍ਰੇਰਣਾ ਕੀਤੀ।
ਇਸ ਮੌਕੇ ਇੰਚਾਰਜ ਸ. ਕਰਤਾਰ ਸਿੰਘ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਸ੍ਰ. ਗੁਰਾ ਸਿੰਘ, ਮੀਤ ਮੈਨੇਜਰ ਸ. ਸਰਬਜੀਤ ਸਿੰਘ ਤੇ ਸ. ਪਰਗਟ ਸਿੰਘ, ਪ੍ਰਚਾਰਕ ਭਾਈ ਬਲਵੰਤ ਸਿੰਘ ਐਨੋਕੋਟ, ਭਾਈ ਦਿਲਬਾਗ ਸਿੰਘ ਤੇ ਹੋਰ ਹਾਜ਼ਰ ਸਨ।