ਹੰਡਿਆਇਆ ‘ਚ ਘਰੇਲੂ ਝਗੜੇ ਤੋਂ ਤੰਗ ਵਿਆਹੁਤਾ ਨੇ ਜੀਵਨ ਲੀਲਾ ਕੀਤੀ ਸਮਾਪਤ

ਚੰਡੀਗੜ੍ਹ ਪੰਜਾਬ


ਹੰਡਿਆਇਆ, 15 ਮਈ,ਬੋਲੇ ਪੰਜਾਬ ਬਿਓਰੋ;
ਕਸਬਾ ਹੰਡਿਆਇਆ ਦੇ ਬਾਬਾ ਜੀਵਨ ਸਿੰਘ ਨਗਰ ‘ਚ ਇੱਕ ਔਰਤ ਵੱਲੋਂ ਘਰੇਲੂ ਝਗੜੇ ਕਾਰਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸੁਰਜੀਤ ਕੌਰ ਉਰਫ਼ ਸੀਤੋ ਪਤਨੀ ਚਮਕੌਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਗੋਰਖਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਦੇ ਬਿਆਨਾਂ ਦੇ ਆਧਾਰ ‘ਤੇ ਚਮਕੌਰ ਸਿੰਘ ਦੇ ਖ਼ਿਲਾਫ਼ ਆਤਮ ਹੱਤਿਆ ਕਰਨ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਗੋਰਖਾ ਸਿੰਘ ਦੇ ਬਿਆਨ ਅਨੁਸਾਰ ਉਨ੍ਹਾਂ ਦੀ ਧੀ ਸੁਰਜੀਤ ਕੌਰ ਦਾ ਵਿਆਹ ਚਮਕੌਰ ਸਿੰਘ ਨਾਲ ਕੁਝ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਘਰ ਇੱਕ ਬੇਟੀ ਨੇ ਜਨਮ ਲਿਆ ਪਰ ਚਮਕੌਰ ਸਿੰਘ ਬਿਨਾਂ ਵਜ੍ਹਾ ਉਨ੍ਹਾਂ ਦੀ ਧੀ ਸੁਰਜੀਤ ਕੌਰ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਕਾਰਨ ਇਹ ਮਾਮਲਾ ਕਈ ਵਾਰ ਪੁਲਿਸ ਕੋਲ ਵੀ ਪਹੁੰਚਿਆ ਪਰ ਅੱਗੇ ਤੋਂ ਗਲਤੀ ਨਾ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਪੰਚਾਇਤੀ ਰਾਜੀਨਾਮਾ ਹੁੰਦਾ ਰਿਹਾ। ਬੀਤੀ ਰਾਤ ਸੁਰਜੀਤ ਕੌਰ ਨੇ ਪਤੀ ਵਲੋਂ ਨਿੱਤ ਦੀ ਕੁੱਟਮਾਰ ਤੋਂ ਤੰਗ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦਾਅਵਾ ਕੀਤਾ ਕਿ ਸੁਰਜੀਤ ਕੌਰ ਨੂੰ ਚਮਕੌਰ ਸਿੰਘ ਨੇ ਹੀ ਮਰਨ ਲਈ ਮਜਬੂਰ ਕੀਤਾ ਹੈ। ਅੱਗੇ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਦੱਸਿਆ ਕਿ ਗੋਰਖਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਿ੍ਤਕਾ ਦੇ ਪਤੀ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published. Required fields are marked *