ਮੁੰਬਈ, 14 ਮਈ, ਬੋਲੇ ਪੰਜਾਬ ਬਿਓਰੋ:
ਇੱਥੇ ਅੱਜ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਘਾਟਕੋਪਰ ਇਲਾਕੇ ਦੇ ਪੈਟਰੋਲ ਪੰਪ ’ਤੇ ਲੱਗਿਆ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 80 ਦੇ ਲੱਗਭੱਗ ਵਿਅਕਤੀ ਜ਼ਖਮੀ ਹੋ ਗਏ। ਇਸੇ ਦੌਰਾਨ ਮੁੰਬਈ ਹਵਾਈ ਅੱਡੇ ’ਤੇ ਉਡਾਣਾਂ ਵੀ ਇਕ ਘੰਟੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਲੋਕਲ ਰੇਲ ਗੱਡੀਆਂ ਵੀ ਦੇਰੀ ਨਾਲ ਚੱਲੀਆਂ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 4.30 ਵਜੇ ਛੇੜਾ ਨਗਰ ਜਿਮਖਾਨਾ ਨੇੜੇ ਵਾਪਰਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਦਸੇ ਵਿੱਚ 14 ਮੌਤਾਂ ਹੋ ਗਈਆਂ ਅਤੇ ਘੱਟੋ-ਘੱਟ 80 ਦੇ ਲੱਗਭਗ ਵਿਅਕਤੀ ਜ਼ਖਮੀ ਹੋਏ ਹਨ। ਬੀਐੱਮਸੀ ਦੇ ਕਮਿਸ਼ਨਰ ਭੂਸ਼ਣ ਗਗਰਾਨੀ ਨੇ ਕਿਹਾ ਕਿ ਇੱਕ ਐੱਨਡੀਆਰਐੱਫ ਦੀ ਟੀਮ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਈ ਹੈ।